ਵਾਸ਼ਿੰਗਟਨ, 24 ਅਗਸਤ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹੁਣ ਤੱਕ 130 ਭਾਰਤੀ-ਅਮਰੀਕੀਆਂ ਨੂੰ ਆਪਣੇ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ’ਤੇ ਨਿਯੁਕਤ ਕੀਤਾ ਹੈ, ਜੋ ਅਮਰੀਕਾ ਦੀ ਆਬਾਦੀ ਦਾ ਇੱਕ ਫੀਸਦੀ ਹਿੱਸਾ ਬਣਦਾ ਹੈ। ਅਜਿਹਾ ਕਰਕੇ ਉਨ੍ਹਾਂ ਸਿਰਫ ਭਾਈਚਾਰੇ ਨਾਲ ਆਪਣਾ ਵਾਅਦਾ ਹੀ ਪੂਰਾ ਕੀਤਾ ਹੈ ਸਗੋਂ ਡੋਨਲਡ ਟਰੰਪ ਅਤੇ ਬਰਾਕ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਟਰੰਪ ਨੇ 80 ਅਤੇ ਓਬਾਮਾ ਨੇ 60 ਭਾਰਤੀ ਅਮਰੀਕੀਆਂ ਨੂੰ ਅਹਿਮ ਅਹੁਦਿਆਂ ’ਤੇ ਨਿਯੁਕਤ ਕੀਤਾ ਸੀ।
40 ਤੋਂ ਵੱਧ ਭਾਰਤੀ-ਅਮਰੀਕੀ ਵੱਖ-ਵੱਖ ਰਾਜਾਂ ਅਤੇ ਸੰਘੀ ਪੱਧਰਾਂ ’ਤੇ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ, ਜਿਨ੍ਹਾਂ ’ਚੋਂ ਚਾਰ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਤਾਇਨਾਤ ਹਨ। ਇਸੇ ਤਰ੍ਹਾਂ 20 ਤੋਂ ਵੱਧ ਅਮਰੀਕਾ ਦੀਆਂ ਪ੍ਰਮੁੱਖ ਕੰਪਨੀਆਂ ਚਲਾ ਰਹੇ ਹਨ। ਬਾਇਡਨ ਨੇ ਆਪਣੇ ਪ੍ਰਸ਼ਾਸਨ ਦੇ ਲਗਪਗ ਸਾਰੇ ਵਿਭਾਗਾਂ ਅਤੇ ਏਜੰਸੀਆਂ ’ਚ ਭਾਰਤੀ-ਅਮਰੀਕੀਆਂ ਨੂੰ ਨਿਯੁਕਤ ਕੀਤਾ ਹੈ।
ਪੂੰਜੀਪਤੀ ਐੱਮ.ਆਰ ਰੰਗਾਸਵਾਮੀ ਨੇ ਦੱਸਿਆ ਕਿ ਭਾਰਤੀ-ਅਮਰੀਕੀ ਸੇਵਾ ਭਾਵ ਨਾਲ ਭਰੇ ਹੋਏ ਹਨ ਅਤੇ ਇਹ ਉਨ੍ਹਾਂ ਵੱਲੋਂ ਨਿੱਜੀ ਖੇਤਰ ਤੋਂ ਵੱਧ ਜਨਤਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਝਲਕਦਾ ਹੈ। ਬਾਇਡਨ ਦੇ ਸੈਨੇਟਰ ਦੇ ਦਿਨਾਂ ਤੋਂ ਹੀ ਉਸ ਦਾ ਭਾਰਤੀ ਭਾਈਚਾਰੇ ਨਾਲ ਰਿਸ਼ਤਾ ਕਾਫੀ ਮਜ਼ਬੂਤ ਰਿਹਾ ਹੈ। ਉਸ ਨੇ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਚੁਣ ਕੇ ਇਤਿਹਾਸ ਕਾਇਮ ਕੀਤਾ ਸੀ। -ਪੀਟੀਆਈ