ਪੇਈਚਿੰਗ: ਚੀਨੀ ਫ਼ੌਜ ਨੇ ਪੂਰਬੀ ਲੱਦਾਖ ’ਚ ਜਾਰੀ ਤਣਾਅ ਨੂੰ ਘਟਾਉਣ ਲਈ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਹੋਈ 15ਵੇਂ ਗੇੜ ਦੀ ਗੱਲਬਾਤ ਨੂੰ ਸਾਕਾਰਾਤਮਕ ਅਤੇ ਉਸਾਰੂ ਦੱਸਿਆ ਹੈ। ਨੈਸ਼ਨਲ ਡਿਫੈਂਸ ਦੇ ਚੀਨੀ ਮੰਤਰਾਲੇ ਦੇ ਤਰਜਮਾਨ ਵੂ ਸ਼ਿਆਨ ਨੇ ਤੀਜੀ ਧਿਰ ਦੇ ਕਿਸੇ ਵੀ ਤਰ੍ਹਾਂ ਦੇ ਦਖ਼ਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਅਮਰੀਕਾ ਦੇ ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਬਾਰੇ ਰੱਖਿਆ ਦੇ ਸਹਾਇਕ ਸਕੱਤਰ ਐਲੀ ਰੈਟਨਰ ਵੱਲੋਂ ਦਿੱਤੇ ਗਏ ਉਸ ਬਿਆਨ ’ਤੇ ਪ੍ਰਤੀਕਰਮ ਦਿੱਤਾ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਭਾਰਤ ਅਸਲ ਕੰਟਰੋਲ ਰੇਖਾ ’ਤੇ ਚੀਨ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਮਰੀਕਾ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ। ਵੂ ਨੇ ਕਿਹਾ ਕਿਸਰਹੱਦੀ ਮੁੱਦਾ ਚੀਨ ਅਤੇ ਭਾਰਤ ਦਾ ਮਾਮਲਾ ਹੈ ਅਤੇ ਦੋਵੇਂ ਮੁਲਕ ਇਸ ਨੂੰ ਗੱਲਬਾਤ ਰਾਹੀਂ ਹੱਲ ਕਰਨ ’ਤੇ ਸਹਿਮਤ ਹਨ। -ਪੀਟੀਆਈ