ਕਾਠਮੰਡੂ, 16 ਅਗਸਤ
ਨੇਪਾਲ ਦੇ ਸਿੰਧੂਪਲਚੌਕ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ 18 ਜਣਿਆਂ ਦੀ ਮੌਤ ਹੋ ਗਈ ਜਦਕਿ 21 ਜਣੇ ਲਾਪਤਾ ਹੋ ਗਏ। ਦੇਸ਼ ਵਿੱਚ ਭਾਰੀ ਮੀਂਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 227 ਹੋ ਗਈ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਡਿੱਗਣ ਦੀ ਇਹ ਘਟਨਾ ਸ਼ੁੱਕਰਵਾਰ ਰਾਤ ਜ਼ਿਲ੍ਹੇ ਦੇ ਜੁਗਲ ਦਿਹਾਤੀ ਮਿਊਂਸਿਪਲ ਇਲਾਕੇ ’ਚ ਵਾਪਰੀ। ਲਿਡੀ ਪਿੰਡ ਵਿੱਚ 37 ਘਰ ਵੀ ਨੁਕਸਾਨੇ ਗਏ ਹਨ। ਜ਼ਿਲ੍ਹਾ ਸਿੰਧੂਪਲਚੌਕ ਦੇ ਸੁਪਰਡੈਂਟ ਆਫ ਪੁਲੀਸ ਪ੍ਰਜਵੋਲ ਮਹਾਰਾਜਨ ਨੇ ਦੱਸਿਆ ਕਿ ਘਟਨਾ ਵਿੱਚ ਮਾਰੇ ਗਏ 18 ਲੋਕਾਂ ਵਿੱਚ 11 ਬੱਚੇ, 4 ਔਰਤਾਂ ਤੇ 3 ਪੁਰਸ਼ ਸ਼ਾਮਲ ਹਨ। ਊਨ੍ਹਾਂ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਪੀੜਤ ਲੋਕਾਂ ਨੂੰ ਨੇੜਲੇ ਸੁਰੱਖਿਅਤ ਸਥਾਨਾਂ ’ਤੇ ਲਿਜਾਇਆ ਜਾ ਰਿਹਾ ਹੈ।
ਇਸੇ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਭਾਰੀ ਮੀਂਹ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 227 ਹੋ ਗਈ ਹੈ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਭਾਰੀ ਬਰਸਾਤ ਮਗਰੋਂ ਢਿੱਗਾਂ ਡਿੱਗਣ ਅਤੇ ਹੜਾਂ ਨਾਲ ਦੇਸ਼ ਦੇ 50 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਇਸ ਕੁਦਰਤੀ ਆਫ਼ਤ ਕਾਰਨ ਸਭ ਤੋਂ ਵੱਧ ਮਾਰ ਸਿੰਧੂਪਲਚੌਕ ਜ਼ਿਲ੍ਹੇ ਨੂੰ ਪਈ ਹੈ।