ਵਾਸ਼ਿੰਗਟਨ, 16 ਫਰਵਰੀ
ਭਾਰਤੀ ਪਰਵਾਸੀਆਂ ਨਾਲ ਕੰਮ ਕਰ ਰਹੀ ਅਮਰੀਕਾ ਦੀ ਇੱਕ ਸੰਸਥਾ ਵੱਲੋਂ ਤਿਆਰ ਆਪਣੀ ਕਿਸਮ ਦੀ ਇੱਕ ਪਹਿਲੀ ਸੂਚੀ ਮੁਤਾਬਕ ਅਮਰੀਕਾ ਅਤੇ ਯੂਕੇ ਸਮੇਤ 15 ਮੁਲਕਾਂ ਵਿੱਚ ਪ੍ਰਮੁੱਖ ਅਹੁਦਿਆਂ ’ਤੇ ਭਾਰਤੀ ਮੂਲ ਦੇ 200 ਤੋਂ ਵੱਧ ਵਿਅਕਤੀਆਂ ਦਾ ਦਬਦਬਾ ਹੈ, ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਵੀ ਸ਼ਾਨਦਾਰ ਵਿਰਾਸਤ ਦਾ ਨਿਰਮਾਣ ਕਰ ਰਹੇ ਹਨ। ਸੋਮਵਾਰ ਨੂੰ ਜਾਰੀ ‘ਦਿ 2021 ਇੰਡੀਆਸਪੋਰਾ ਗਵਰਨਮੈਂਟ ਲੀਡਰਜ਼ ਲਿਸਟ’ ਤਿਆਰ ਕਰਨ ਲਈ ਸਰਕਾਰੀ ਵੈੱਬਸਾਈਟਾਂ ਅਤੇ ਹੋਰ ਜਨਤਕ ਤੌਰ ’ਤੇ ਉਪਲੱਬਧ ਸਰੋਤਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਰਾਹੀਂ ਵੱਖ-ਵੱਖ ਖਿੱਤਿਆਂ ਵਿੱਚ ਇਨ੍ਹਾਂ ਆਗੂਆਂ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ ਗਿਆ ਹੈ।ਰਿਪੋਰਟ ਮੁਤਾਬਕ ਭਾਰਤੀ ਮੂਲ ਦੇ 200 ਤੋਂ ਵੱਧ ਆਗੂ ਵਿਸ਼ਵ ਭਰ ਦੇ 15 ਮੁਲਕਾਂ ਵਿੱਚ ਉੱਚ ਅਹੁਦਿਆਂ ’ਤੇ ਪਹੁੰਚੇ ਹਨ, ਜਿਨ੍ਹਾਂ ’ਚੋਂ 60 ਜਣੇ ਕੈਬਨਿਟ ਪੁਜ਼ੀਸ਼ਨਾਂ ’ਤੇ ਬਿਰਾਜਮਾਨ ਹਨ। ‘ਇੰਡੀਆਸਪੋਰਾ’ ਦੇ ਬਾਨੀ ਸਿਲੀਕਾਨ ਵੈਲੀ ਨਾਲ ਸਬੰਧਤ ਇੱਕ ਉੱਦਮੀ ਅਤੇ ਨਿਵੇਸ਼ਕਰਤਾ ਐੱਮ ਆਰ ਰੰਗਸਵਾਮੀ ਨੇ ਕਿਹਾ,‘ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਮੁਲਕ ਦੀ ਪਹਿਲੀ ਮਹਿਲਾ ਅਤੇ ਪਹਿਲੀ ਅਸ਼ਵੇਤ ਉਪ-ਰਾਸ਼ਟਰਪਤੀ ਹੋਣ ਦਾ ਮਾਣ ਭਾਰਤੀ ਮੂਲ ਦੀ ਔਰਤ ਨੂੰ ਮਿਲਿਆ ਹੈ। ਅਸੀਂ ਇਸ ਮਾਣਮੱਤੀ ਪ੍ਰਾਪਤੀ ਦਾ ਜ਼ਿਕਰ ‘ਪ੍ਰੈਜੀਡੈਂਟ’ਜ਼ ਡੇਅ’ ਵਾਲੇ ਦਿਨ ਕਰ ਕੇ ਸਰਕਾਰੀ ਸੇਵਾਵਾਂ ’ਚ ਅਹਿਮ ਅਹੁਦਿਆਂ ’ਤੇ ਬਿਰਾਜਮਾਨ ਭਾਰਤੀ ਪਰਵਾਸੀਆਂ ਦਾ ਜ਼ਿਕਰ ਵੀ ਕਰਨਾ ਚਾਹਾਂਗੇ।’ ਉਹ ਕਮਲਾ ਹੈਰਿਸ ਵੱਲ ਇਸ਼ਾਰਾ ਕਰ ਰਹੇ ਸਨ, ਜਿਨ੍ਹਾਂ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣਨ ਦਾ ਮਾਣ ਮਿਲਿਆ ਹੈ।
-ਪੀਟੀਆਈ