ਏਥਨਜ਼, 3 ਨਵੰਬਰ
ਯੂਨਾਨ ਵਿੱਚ ਪਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬਣ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਘੱਟੋ-ਘੱਟ ਪੰਜ ਬੱਚੇ ਸ਼ਾਮਲ ਹਨ। ਤੱਟ ਰੱਖਿਅਕਾਂ ਨੇ ਅੱਜ ਦੱਸਿਆ ਕਿ ਕਿਸ਼ਤੀ ਵਿੱਚ ਸਵਾਰ ਬਾਕੀ 34 ਵਿਅਕਤੀਆਂ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਯੂਨਾਨ ਦੀ ਰਾਜਧਾਨੀ ਦੇ ਪੂਰਬ ਵਿੱਚ ਏਵੀਆ ਅਤੇ ਐਂਡਰੋਸ ਟਾਪੂਆਂ ਵਿਚਾਲੇ ਮੰਗਲਵਾਰ ਸਵੇਰੇ ਕਿਸ਼ਤੀ ਪਲਟ ਗਈ ਸੀ। ਤੱਟ ਰੱਖਿਅਕਾਂ ਵੱਲੋਂ ਸ਼ੁਰੂ ਕੀਤੀ ਗਈ ਭਾਲ ਦੌਰਾਨ ਏਥਨਜ਼ ਦੇ ਪੂਰਬ ਵਿੱਚ ਸਥਿਤ ਇਨ੍ਹਾਂ ਟਾਪੂਆਂ ਦੇ ਕਫੀਰਿਆ ਜਲਡਮਰੂ ਨੇੜੇ ਉਜਾੜ ਟਾਪੂ ਤੋਂ ਨੌ ਵਿਅਕਤੀ ਮਿਲੇ ਸਨ। ਮਗਰੋਂ ਤਿੰਨ ਹੋਰ ਵਿਅਕਤੀਆਂ ਨੂੰ ਬਚਾ ਲਿਆ ਗਿਆ। -ਏਪੀ