ਕਾਠਮੰਡੂ, 30 ਮਈ
ਨੇਪਾਲ ਦੀਆਂ ਪਹਾੜੀਆਂ ਵਿੱਚ ਮੁਸਤਾਂਗ ਜ਼ਿਲ੍ਹੇ ’ਚ ਹਾਦਸੇ ਦਾ ਸ਼ਿਕਾਰ ਹੋਏ ‘ਤਾਰਾ ਏਅਰ’ ਦੇ ਜਹਾਜ਼ ਦੇ ਮਲਬੇ ’ਚੋਂ 21 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਬਚਾਅ ਅਮਲੇ ਵੱਲੋਂ ਬਾਕੀ ਇੱਕ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਇਹ ਜਹਾਜ਼ ਐਤਵਾਰ ਨੂੰ ਨੇਪਾਲ ਦੇ ਪੋਖਾਰਾ ਤੋਂ ਜੋਸਮਨ ਲਈ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਪਹਾੜੀਆਂ ਵਿੱਚ ਲਾਪਤਾ ਹੋ ਗਿਆ ਸੀ। ਇਸ ਵਿੱਚ 4 ਭਾਰਤੀਆਂ ਸਣੇ 22 ਜਣੇ ਸਵਾਰ ਸਨ। ਬਾਕੀ ਸਵਾਰਾਂ ਵਿੱਚੋਂ 13 ਨੇਪਾਲੀ, ਦੋ ਜਰਮਨ ਅਤੇ ਅਮਲੇ ਤਿੰਨ ਨੇਪਾਲੀ ਮੈਂਬਰ ਸ਼ਾਮਲ ਸਨ। ਜਹਾਜ਼ ਵਿਚ ਭਾਰਤ ਦੇ ਠਾਣੇ ਦੇ ਤ੍ਰਿਪਾਠੀ ਪਰਿਵਾਰ ਦੇ ਚਾਰ ਜਣੇ ਵੀ ਸਵਾਰ ਸਨ। ਉਹ ਪਰਿਵਾਰ ਸਣੇ ਛੁੱਟੀਆਂ ਬਿਤਾਉਣ ਨੇਪਾਲ ਗਏ ਸਨ। ਇਸ ਪਰਿਵਾਰ ਦੇ ਪਤੀ-ਪਤਨੀ ਦਾ ਤਲਾਕ ਹੋਣ ਵਾਲਾ ਸੀ ਤੇ ਤਲਾਕ ਤੋਂ ਪਹਿਲਾਂ ਅਦਾਲਤ ਨੇ ਪਰਿਵਾਰ ਨੂੰ 10 ਦਿਨ ਇਕੱਠੇ ਬਿਤਾਉਣ ਲਈ ਕਿਹਾ ਸੀ। ਇਨ੍ਹਾਂ ਦੀ ਪਛਾਣ ਅਸ਼ੋਕ ਤ੍ਰਿਪਾਠੀ 51 ਸਾਲ, ਪਤਨੀ ਵੈਭਵੀ 51 ਸਾਲ, ਲੜਕਾ ਧਨੁਸ਼ ਤੇ ਲੜਕੀ ਰਿਤਿਕਾ ਵਜੋਂ ਹੋਈ ਹੈ।