ਅਬੁਜਾ, 28 ਮਈ
ਦੱਖਣੀ ਨਾਇਜੀਰੀਆ ਦੇ ਇੱਕ ਗਿਰਜਾਘਰ ਵਿੱਚ ਪ੍ਰੋਗਰਾਮ ਦੌਰਾਨ ਭਗਦੜ ਮੱਚਣ ਕਾਰਨ 31 ਜਣਿਆਂ ਦੀ ਮੌਤ ਹੋ ਗਈ ਅਤੇ 7 ਜਣੇ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਪ੍ਰੋਗਰਾਮ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ‘ਲੋੜਵੰਦਾਂ ਨੂੰ ਉਮੀਦ’ ਦੇਣ ਦੇ ਮਕਸਦ ਨਾਲ ਕਰਵਾਇਆ ਗਿਆ ਸੀ। ਰਿਵਰਜ਼ ਰਾਜ ਵਿੱਚ ਪੁਲੀਸ ਤਰਜਮਾਨ ਗਰੇਸ ਇਰਿੰਗ-ਕੋਕੋ ਅਨੁਸਾਰ, ‘‘ਕਿੰਗਜ਼ ਅਸੈਂਬਲੀ ਪੈਨੇਟੇਕੋਸਟਲ ਚਰਚ ਵੱਲੋਂ ਕਰਵਾਏ ਸਮਾਗਮ ਵਿੱਚ ਕਈ ਲੋਕ ਸ਼ਾਮਲ ਹੋਏ ਅਤੇ ਮਦਦ ਮੰਗ ਰਹੇ ਸਨ। ਪ੍ਰੋਗਰਾਮ ਦੌਰਾਨ ਹੀ ਭਗਦੜ ਮੱਚ ਗਈ ਜਿਸ ਕਾਰਨ 31 ਜਣਿਆਂ ਦੀ ਮੌਤ ਹੋ ਗਈ ਅਤੇ 7 ਜਣੇ ਜ਼ਖ਼ਮੀ ਹੋ ਗਏ। ਘਟਨਾ ਦੀ ਵੀਡੀਓ ਵਿੱਚ ਲੋੜਵੰਦਾਂ ਲਈ ਰੱਖੇ ਕੱਪੜੇ ਅਤੇ ਜੁੱਤੇ ਘਟਨਾ ਸਥਾਨ ’ਤੇ ਪਏ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਡਾਕਟਰ ਅਤੇ ਕੁਝ ਹੋਰ ਰਾਹਤ ਕਰਮੀ ਜ਼ਖ਼ਮੀਆਂ ਦਾ ਇਲਾਜ ਕਰਦੇ ਹੋਏ ਦਿਖਾਈ ਦੇ ਰਹੇ ਹਨ। -ਏਪੀ