ਵਾਸ਼ਿੰਗਟਨ, 30 ਅਪਰੈਲ
ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਭਾਰਤ ਤੇ ਅਮਰੀਕਾ ਦਰਮਿਆਨ ਰਿਸ਼ਤੇ ਬਾਇਡਨ ਪ੍ਰਸ਼ਾਸਨ ਦੇ ਪਹਿਲੇ 100 ਦਿਨਾਂ ਦੌਰਾਨ ਹੀ ਨਵੇਂ ਮੁਕਾਮ ਉਤੇ ਪਹੁੰਚ ਗਏ ਹਨ। ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਕਿ ਇਸ ਅਰਸੇ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਹੋਏ ਤਾਲਮੇਲ ਵਿਚੋਂ ਆਲਮੀ ਪੱਧਰ ’ਤੇ ਵਿਆਪਕ ਭਾਈਵਾਲੀ ਦੀ ਝਲਕ ਪੈਂਦੀ ਹੈ। ਬੁਲਾਰੇ ਨੇ ਕਿਹਾ ਕਿ ਪਹਿਲੇ 100 ਦਿਨਾਂ ਦੌਰਾਨ ਬਾਇਡਨ ਪ੍ਰਸ਼ਾਸਨ ਨੇ ਭਾਰਤ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਰੋਜ਼ਾਨਾ ਮੀਡੀਆ ਕਾਨਫਰੰਸ ਦੌਰਾਨ ਪ੍ਰਾਈਸ ਨੇ ਕਿਹਾ ਕਿ ਬਾਇਡਨ ਵੱਲੋਂ ਲੰਘੀ ਰਾਤ ਆਪਣੇ ਭਾਸ਼ਣ ਵਿਚ ਭਾਰਤ ਦਾ ਜ਼ਿਕਰ ਕਰਨਾ ਦਰਸਾਉਂਦਾ ਹੈ ਕਿ ਅਮਰੀਕਾ ਡੂੰਘੇ ਪੱਧਰ ’ਤੇ ਭਾਰਤ ਨਾਲ ਸਾਂਝ ਪਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬਾਇਡਨ ਨੇ ਹਾਲ ਹੀ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਾਬਤਾ ਕੀਤਾ ਸੀ। ਇਸ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਗੱਲਬਾਤ ਕੀਤੀ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਸ ਮੌਕੇ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜੌਹਨ ਕੈਰੀ ਦੇ ਭਾਰਤ ਦੌਰੇ ਦਾ ਵੀ ਜ਼ਿਕਰ ਕੀਤਾ। ਜਦਕਿ ਰੱਖਿਆ ਮੰਤਰੀ ਲੌਇਡ ਆਸਟਿਨ ਵੀ ਭਾਰਤ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਕਈ ਪੱਧਰਾਂ ਉਤੇ ਭਾਰਤ ਨਾਲ ਸਾਂਝ ਵਧਾਈ ਹੈ। ਨੈੱਡ ਪ੍ਰਾਈਸ ਨੇ ਕਿਹਾ ਕਿ ਸਿਹਤ ਖੇਤਰ ਵਿਚ ਮਹਾਮਾਰੀ ਨਾਲ ਨਜਿੱਠਣ ਲਈ ਵੀ ਅਮਰੀਕਾ ਤੇ ਭਾਰਤ ਇਕ ਦੂਜੇ ਦੀ ਵੱਧ ਤੋਂ ਵੱਧ ਮਦਦ ਕਰਨਗੇ। -ਪੀਟੀਆਈ