ਵਾਸ਼ਿੰਗਟਨ, 28 ਅਪਰੈਲ
ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਤੇ ਅਮਰੀਕਾ ਦੇ ਸਿਖਰਲੇ ਮਹਾਮਾਰੀ ਮਾਹਿਰ ਡਾ.ਐਂਥਨੀ ਫੌਚੀ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਭਾਰਤ ਵਿੱਚ ਨਿਰਮਤ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਇਸ ਘਾਤਕ ਵਾਇਰਸ ਦੀ 617 ਕਿਸਮ ਨੂੰ ਬੇਅਸਰ ਕਰਦੀ ਹੈ।
ਇਥੇ ਕਾਨਫਰੰਸ ਕਾਲ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਫੌਚੀ ਨੇ ਕਿਹਾ, ‘ਅਸੀਂ ਇਸ ਬਾਰੇ ਨਿਯਮਤ ਆਧਾਰ ’ਤੇ ਡੇਟਾ (ਅੰਕੜੇ) ਇਕੱਤਰ ਕਰ ਰਹੇ ਹਾਂ। ਪਰ ਹਾਲੀਆ ਡੇਟਾ, ਜੋ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲੇ ਕੇਸਾਂ ਤੇ ਭਾਰਤ ਵਿੱਚ ‘ਕੋਵੈਕਸੀਨ’ ਦੀ ਖੁਰਾਕ ਲੈਣ ਵਾਲੇ ਲੋਕਾਂ ਨਾਲ ਸਬੰਧਤ ਸੀ, ਤੋਂ ਪਤਾ ਲੱਗਾ ਹੈ ਕਿ ਇਹ ਵੈਕਸੀਨ, ਕਰੋਨਾ ਦੀ 617 ਕਿਸਮ ਨੂੰ ਬੇਅਸਰ ਕਰਦੀ ਹੈ। ਲਿਹਾਜ਼ਾ, ਭਾਰਤ ਨੂੰ ਦਰਪੇਸ਼ ਮੌਜੂਦ ਮੁਸ਼ਕਲ ਹਾਲਾਤ ਦਰਮਿਆਨ ‘ਕੋਵੈਕਸੀਨ’ ਕਰੋਨਾ ਖ਼ਿਲਾਫ਼ ਅਹਿਮ ਐਂਟੀਡੋਟ ਸਾਬਤ ਹੋ ਸਕਦੀ ਹੈ।’ ਨਿਊ ਯਾਰਕ ਟਾਈਮਜ਼ ਨੇ ਮੰਗਲਵਾਰ ਨੂੰ ਕਿਹਾ ਕਿ ਕੋਵੈਕਸੀਨ ਰੋਗਾਂ ਤੋਂ ਬਚਾਉਣ ਵਾਲੀ ਸਾਡੀ ਸਰੀਰਕ ਪ੍ਰਣਾਲੀ ’ਤੇ ਕੰਮ ਕਰਦਿਆਂ ਸਾਰਸ-ਕੋਵ2 ਕਰੋਨਾਵਾਇਰਸ ਖ਼ਿਲਾਫ਼ ਐਂਟੀਬਾਡੀਜ਼ ਵਿਕਸਤ ਕਰਦੀ ਹੈ। ਹੈਦਰਾਬਾਦ ਅਧਾਰਿਤ ਭਾਰਤ ਬਾਇਓਟੈੱਕ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਵੀਰੋਲੋਜੀ ਤੇ ਭਾਰਤੀ ਮੈਡੀਕਲ ਖੋਜ ਕੌਂਸਲ ਦੀ ਭਾਈਵਾਲੀ ਨਾਲ ਵਿਕਸਤ ‘ਕੋਵੈਕਸੀਨ’ ਨੂੰ ਇਸ ਸਾਲ 3 ਜਨਵਰੀ ਨੂੰ ਹੰਗਾਮੀ ਹਾਲਾਤ ’ਚ ਵਰਤੋਂ ਲਈ ਹਰੀ ਝੰਡੀ ਦਿੱਤੀ ਗਈ ਸੀ। ਹਾਲਾਂਕਿ ਕਲੀਨਿਕਲ ਟਰਾਇਲਾਂ ਦੇ ਨਤੀਜਿਆਂ ਤੋਂ ਪਤਾ ਲੱਗਾ ਸੀ ਕਿ ਵੈਕਸੀਨ ਕਰੋਨਾਵਾਇਰਸ ਖ਼ਿਲਾਫ਼ 78 ਫੀਸਦੀ ਅਸਰਦਾਰ ਹੈ। -ਪੀਟੀਆਈ
ਹਰ ਚੌਥੇ ਵਿਅਕਤੀ ’ਚ ਨਜ਼ਰ ਆਉਂਦੇ ਨੇ ‘ਕੋਵੀਸ਼ੀਲਡ’ ਦੇ ਹਲਕੇ ਸਾਈਡ ਇਫੈਕਟ
ਨਵੀਂ ਦਿੱਲੀ: ਲਾਂਸੈੱਟ ਰਸਾਲੇ ਵਿੱਚ ਪ੍ਰਕਾਸ਼ਿਤ ਇਕ ਅਧਿਐਨ ਦੀ ਮੰਨੀਏ ਤਾਂ ਫਾਈਜ਼ਰ ਜਾਂ ਐਸਟਰਾਜ਼ੈਨੇਕਾ ਵੱਲੋਂ ਵਿਕਸਤ ਕਰੋਨਾ ਵੈਕਸੀਨ, ਜਿਸ ਨੂੰ ਭਾਰਤ ਵਿੱਚ ਕੋਵੀਸ਼ੀਲਡ ਦਾ ਨਾਮ ਦਿੱਤਾ ਗਿਆ ਹੈ, ਦੀ ਖੁਰਾਕ ਲੈਣ ਵਾਲੇ ਹਰ ਚੌਥੇ ਸਖ਼ਸ਼ ਵਿੱਚ ਹਲਕੇ, ਥੋੜ੍ਹਚਿਰੀ ਸਾਈਡ ਇਫੈਕਟ ਜਿਵੇਂ ਸਿਰ ਦਰਦ, ਥਕਾਵਟ ਤੇ ਅਕੜਾਅ ਸਭ ਤੋਂ ਆਮ ਲੱਛਣ ਹਨ। ਯੂਕੇ ਵਿੱਚ ਕਿੰਗਜ਼ ਕਾਲਡ ਲੰਡਨ ਦੇ ਖੋਜਾਰਥੀਆਂ ਮੁਤਾਬਕ ਟੀਕਾ ਲੱਗਣ ਵਾਲੀ ਥਾਂ ਪਹਿਲੇ 24 ਘੰਟਿਆਂ ਅੰਦਰ ਅਕੜਾਅ ਜਾਂਦੀ ਹੈ ਤੇ ਇਹ ਸਥਿਤੀ 1 ਤੋਂ 2 ਦਿਨ ਤੱਕ ਰਹਿੰਦੀ ਹੈ। ਅਧਿਐਨ ਮੁਤਾਬਕ ਫਾਈਜ਼ਰ ਦੀ ਪਹਿਲੀ ਖੁਰਾਕ ਮਗਰੋਂ 12 ਤੋਂ 21 ਦਿਨਾਂ ਅੰਦਰ ਲਾਗ ਲੱਗਣ ਦੀ ਦਰ 58 ਫੀਸਦੀ ਤੱਕ ਘੱਟ ਜਾਂਦੀ ਹੈ ਜਦੋਂਕਿ ਐਸਟਰਾਜ਼ੈਨੇਕਾ ਦਾ ਟੀਕਾ 39 ਫੀਸਦ ਘਟਾਉਂਦਾ ਹੈ। -ਪੀਟੀਆਈ