ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ਦੀ ਮੀਟਿੰਗ ’ਚ ‘ਪੁਲਵਾਮਾ ਹਮਲੇ’ ਦੇ ਹਵਾਲੇ ਨਾਲ ਕਿਹਾ ਕਿ ਉਹ ਕਿਸੇ ਤੀਜੇ ਮੁਲਕ ’ਚ ਸਰਗਰਮ ਗੈਰ-ਰਾਜਕੀ ਤੱਤ ਵੱਲੋਂ ਕੀਤੇ ਗਏ ਹਥਿਆਰਬੰਦ ਹਮਲੇ ਨੂੰ ਅਸਫਲ ਕਰਨ ਲਈ ‘ਪਹਿਲਾਂ ਹੀ ਹਮਲਾ’ ਕਰਨ ਲਈ ਮਜਬੂਰ ਹੋ ਸਕਦਾ ਹੈ। ਭਾਰਤ ਨੇ ਆਪਣੀ ਗੱਲ ਨੂੰ ਰੱਖਣ ਲਈ ਪੁਲਵਾਮਾ ਸਮੇਤ ਹੋਰਨਾਂ ਕਈ ਦਹਿਸ਼ਤੀ ਹਮਲਿਆਂ ਦਾ ਜ਼ਿਕਰ ਕੀਤਾ, ਜੋ ਗੁਆਂਢੀ ਮੁਲਕ ਦੀ ਸਰਜ਼ਮੀਂ ਤੋਂ ਕੀਤੇ ਗਏ ਹਨ। ਭਾਰਤ ਦਾ ਇਸ਼ਾਰਾ ਪਾਕਿਸਤਾਨ ਵੱਲ ਸੀ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਡਿਪਟੀ ਸਥਾਈ ਨੁਮਾਇੰਦੇ ਕੇ. ਨਾਗਰਾਜ ਨਾਇਡੂ ਨੇ ਮੈਕਸਿਕੋ ਵੱਲੋਂ ਕਰਵਾਈ ‘ਆਰੀਆ ਫਾਰਮੂਲਾ’ ਮੀਟਿੰਗ ਦੌਰਾਨ ਕਿਹਾ ਕਿ ਦਹਿਸ਼ਤੀ ਜਥੇਬੰਦੀਆਂ ਜਿਹੇ ਗੈਰ-ਰਾਜਕੀ ਅਨਸਰ ਮੇਜ਼ਬਾਨ ਮੁਲਕ ਦੇ ਦੂਰ-ਦੁਰਾਡੇ ਦੇ ਇਲਾਕਿਆਂ ’ਚੋਂ ਹੋਰਨਾਂ ਮੁਲਕਾਂ ’ਤੇ ਅਕਸਰ ਹਮਲਾ ਕਰਦੇ ਰਹਿੰਦੇ ਹਨ। ਨਾਇਡੂ ਨੇ ਕਿਹਾ ਕਿ ਵੱਡੀ ਗਿਣਤੀ ਮੁਲਕਾਂ ਦਾ ਮੰਨਣਾ ਹੈ ਕਿ ਹੋਰਨਾਂ ਮੁਲਕਾਂ ਤੋਂ ਦਹਿਸ਼ਤੀ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਕਿਸੇ ਵੀ ਗੈਰ-ਰਾਜਕੀ ਅਨਸਰ ਖ਼ਿਲਾਫ਼ ਬਲ ਦੀ ਵਰਤੋਂ ਕੀਤੀ ਜਾ ਸਕਦੀ ਹੈ। -ਪੀਟੀਆਈ