ਵਾਸ਼ਿੰਗਟਨ, 6 ਜਨਵਰੀ
ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਡੋਨਲਡ ਟਰੰਪ ਨੂੰ ਦੱਸਿਆ ਹੈ ਕਿ ਉਨ੍ਹਾਂ ਕੋਲ ਐਨੀ ਤਾਕਤ ਨਹੀਂ ਹੈ ਕਿ ਉਹ ਨਵੇਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਦੀ ਜਿੱਤ ਨੂੰ ਚੁਣੌਤੀ ਦੇ ਸਕਣ। ‘ਨਿਊ ਯਾਰਕ ਟਾਈਮਜ਼’ ਦੀ ਇਕ ਰਿਪੋਰਟ ਮੁਤਾਬਕ ਪੈਂਸ ਨੇ ਟਰੰਪ ਨੂੰ ਇਹ ਜਾਣਕਾਰੀ ਰਾਸ਼ਟਰਪਤੀ ਨਾਲ ਕੀਤੇ ਹਫ਼ਤਾਵਾਰੀ ਦੁਪਹਿਰ ਦੇ ਭੋਜ ਦੌਰਾਨ ਦਿੱਤੀ। ਜ਼ਿਕਰਯੋਗ ਹੈ ਕਿ ਰਿਪਬਲਿਕਨ ਟਰੰਪ ਨੇ ਹਾਲੇ ਤੱਕ ਚੋਣਾਂ ਵਿਚ ਹਾਰ ਕਬੂਲ ਨਹੀਂ ਕੀਤੀ। ਉਹ ਹਾਲੇ ਵੀ ਦਾਅਵਾ ਕਰ ਰਹੇ ਹਨ ਕਿ ਧੋਖਾਧੜੀ ਹੋਈ ਹੈ। ਮੀਡੀਆ ਰਿਪੋਰਟ ਮੁਤਾਬਕ ਉਪ ਰਾਸ਼ਟਰਪਤੀ ਨੇ ਰਾਸ਼ਟਰਪਤੀ ਟਰੰਪ ਨੂੰ ਮੰਗਲਵਾਰ ਕਿਹਾ ‘ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਐਨੀ ਤਾਕਤ ਹੈ ਕਿ ਤੁਸੀਂ ਜੋਸਫ਼ ਆਰ. ਬਾਇਡਨ ਜੂਨੀਅਰ ਨੂੰ ਜਿੱਤ ਦਾ ਕਾਂਗਰੈਸ਼ਨਲ ਸਰਟੀਫਿਕੇਟ ਮਿਲਣਾ ਰੋਕ ਸਕਦੇ ਹੋ।’ ਟਰੰਪ ਨੇ ਇਸ ਮੀਡੀਆ ਰਿਪੋਰਟ ਨੂੰ ‘ਝੂਠੀ ਖ਼ਬਰ’ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਅਮਰੀਕੀ ਸੈਨੇਟ ਕੋਲ ਸਾਰੇ ਸੂਬਿਆਂ ਦੀਆਂ ਇਲੈਕਟੋਰਲ ਕਾਲਜ ਵੋਟਾਂ ਦੇ ਨਤੀਜੇ ਪਹੁੰਚ ਚੁੱਕੇ ਹਨ। ਇਨ੍ਹਾਂ ਨੇ ਹੀ ਅਗਲੇ ਅਮਰੀਕੀ ਰਾਸ਼ਟਰਪਤੀ ਬਾਰੇ ਫ਼ੈਸਲਾ ਲੈਣਾ ਹੈ। ਇਸੇ ਦੌਰਾਨ ਰਾਸ਼ਟਰਪਤੀ ਟਰੰਪ ਦੇ ਹਜ਼ਾਰਾਂ ਸਮਰਥਕ ਅੱਜ ਵਾਸ਼ਿੰਗਟਨ ਪਹੁੰਚੇ। ਉਹ ਟਰੰਪ ਵੱਲੋਂ ਚੋਣਾਂ ਵਿਚ ਧੋਖਾਧੜੀ ਬਾਰੇ ਕੀਤੇ ਦਾਅਵਿਆਂ ਦਾ ਸਮਰਥਨ ਕਰ ਰਹੇ ਹਨ। ਡੋਨਲਡ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਵੀ ਕੀਤਾ। -ਪੀਟੀਆਈ
ਹਲਫ਼ਦਾਰੀ ਸਮਾਰੋਹ ’ਚ ਹਿੱਸਾ ਲੈਣਗੇ ਜੌਰਜ ਬੁਸ਼
ਸਾਬਕਾ ਅਮਰੀਕੀ ਰਾਸ਼ਟਰਪਤੀ ਜੌਰਜ ਬੁਸ਼ ਜੋਅ ਬਾਇਡਨ ਤੇ ਕਮਲਾ ਹੈਰਿਸ ਦੇ ਹਲਫ਼ਦਾਰੀ ਸਮਾਰੋਹ ਦਾ ਹਿੱਸਾ ਬਣਨਗੇ। 20 ਜਨਵਰੀ ਨੂੰ ਹੋਣ ਵਾਲੇ ਸਮਾਗਮ ਵਿਚ ਬੁਸ਼ (74) ਦੇ ਨਾਲ ਪਤਨੀ ਲੌਰਾ ਬੁਸ਼ ਵੀ ਮੌਜੂਦ ਹੋਵੇਗੀ। ਜ਼ਿਕਰਯੋਗ ਹੈ ਕਿ ਬੁਸ਼ ਰਿਪਬਲਿਕਨ ਹਨ ਤੇ ਉਨ੍ਹਾਂ ਦੀ ਹੀ ਪਾਰਟੀ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਹਾਲੇ ਤੱਕ ਆਪਣੀ ਹਾਰ ਸਵੀਕਾਰ ਨਹੀਂ ਕਰ ਰਹੇ ਹਨ।