ਲੰਡਨ: ਮਕਬੂਲ ਚੈਟ ਐਪਲੀਕੇਸ਼ਨ ਵਟਸਐਪ ਅੱਜ ਕੁਝ ਸਮੇਂ ਲਈ ਦੁਨੀਆ ਭਰ ਵਿਚ ਬੰਦ ਹੋ ਗਈ। ਹਾਲਾਂਕਿ ਬਾਅਦ ਵਿਚ ਤਕਨੀਕੀ ਖਰਾਬੀ ਨੂੰ ਦੂਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਐਪ ਦੇ ਬੰਦ ਹੋਣ ਮੌਕੇ ਵਿਸ਼ਵ ਭਰ ਵਿਚ ਲੋਕ ਸੁਨੇਹੇ ਨਾ ਆਉਣ-ਜਾਣ ਬਾਰੇ ਸ਼ਿਕਾਇਤ ਕਰਨ ਲੱਗੇ। ਵੇਰਵਿਆਂ ਮੁਤਾਬਕ ਕਰੀਬ ਦੋ ਘੰਟਿਆਂ ਬਾਅਦ ਵਟਸਐਪ ਨੇ ਸਹੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਪਨੀ ‘ਮੈਟਾ’ ਦੇ ਇਕ ਬੁਲਾਰੇ ਨੇ ਕਿਹਾ ਕਿ ਮੁਸ਼ਕਲ ਦੂਰ ਕਰ ਦਿੱਤੀ ਗਈ ਹੈ ਤੇ ਲੋਕਾਂ ਨੂੰ ਆਈ ਸਮੱਸਿਆ ਦਾ ਉਨ੍ਹਾਂ ਨੂੰ ਅਫ਼ਸੋਸ ਹੈ। ਜ਼ਿਕਰਯੋਗ ਹੈ ਕਿ ‘ਮੈਟਾ’ ਜੋ ਪਹਿਲਾਂ ਫੇਸਬੁੱਕ ਵਜੋਂ ਜਾਣੀ ਜਾਂਦੀ ਸੀ, ਨੇ 2014 ਵਿਚ ਵਟਸਐਪ ਖ਼ਰੀਦ ਲਈ ਸੀ। ਰੋਜ਼ਾਨਾ ਗੱਲਬਾਤ ਲਈ ਲੋਕ ਵਟਸਐਪ ਦੀ ਕਾਫ਼ੀ ਵਰਤੋਂ ਕਰਦੇ ਹਨ। ਇਸੇ ਦੌਰਾਨ ਕੰਪਨੀ ਦੇ ਇਕ ਬੁਲਾਰੇ ਨੇ ਅੱਜ ਕਿਹਾ ਕਿ ਭਾਰਤ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਦੇਸ਼ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਉਤੇ ਜੋ ਵੀ ਨਵਾਂ ਫੀਚਰ ਲਾਂਚ ਹੁੰਦਾ ਹੈ, ਉਹ ਭਾਰਤ ਦੇ ਲਿਹਾਜ਼ ਨਾਲ ਅਹਿਮ ਹੁੰਦਾ ਹੈ। ਫੇਸਬੁੱਕ ਇੰਡੀਆ (ਮੈਟਾ) ਦੇ ਅਧਿਕਾਰੀ ਮਨੀਸ਼ ਚੋਪੜਾ ਨੇ ਕਿਹਾ ਕਿ ਕੰਪਨੀ ਹਰ ਤਰ੍ਹਾਂ ਦੇ ਬਰਾਂਡ ਨੂੰ ਥਾਂ ਦੇ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਰਚਨਾਤਮਕ ਗਤੀਵਿਧੀਆਂ ਲਈ ਮੰਚ ਵੀ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਨੇ ਦੋ ਸਾਲ ਪਹਿਲਾਂ ਭਾਰਤ ਵਿਚ ‘ਰੀਲਜ਼’ (ਥੋੜ੍ਹੇ ਸਮੇਂ ਦੀ ਵੀਡੀਓ) ਪਲੈਟਫਾਰਮ ਲਾਂਚ ਕੀਤਾ ਸੀ। ਇਹ ਭਾਰਤ ਦੇ ਛੋਟੇ ਤੇ ਦਰਮਿਆਨੇ ਸ਼ਹਿਰਾਂ ਵਿਚ ਕਾਫ਼ੀ ਹਰਮਨਪਿਆਰਾ ਹੈ। -ਏਪੀ/ਪੀਟੀਆਈ