ਕੋਟਾਬਾਟੋ(ਫਿਲਪੀਨਜ਼), 28 ਅਕਤੂਬਰ
ਦੱਖਣੀ ਫਿਲਪੀਨਜ਼ ਵਿੱਚ ਭਾਰੀ ਮੀਂਹ ਕਰਕੇ ਹੜ੍ਹ ਤੇ ਢਿੱਗਾਂ ਡਿੱਗਣ ਕਰਕੇ ਘੱਟੋ-ਘੱਟ 42 ਵਿਅਕਤੀ ਹਲਾਕ ਹੋ ਗਏ। ਇਸ ਦੌਰਾਨ 16 ਵਿਅਕਤੀ ਲਾਪਤਾ ਹਨ ਤੇ ਕਈ ਅਜੇ ਵੀ ਘਰ ਦੀਆਂ ਛੱਤਾਂ ’ਤੇ ਫਸੇ ਹੋਏ ਹਨ। ਮੈਗੁਇਨਡਾਨਾਓ ਸੂਬੇ ਦੇ ਤਿੰਨ ਕਸਬਿਆਂ ਨੂੰ ਸਭ ਤੋਂ ਵੱਧ ਮਾਰ ਪਈ। ਜ਼ਿਆਦਾਤਰ ਪੀੜਤ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਏ ਜਾਂ ਫਿਰ ਡੁੱਬ ਗਏ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤੀ ਤੂਫਾਨ ਦੇ ਭਲਕੇ ਪ੍ਰਸ਼ਾਂਤ ਸਾਗਰ ਤੋਂ ਪੂਰਬੀ ਸਾਹਿਲ ਨਾਲ ਟਕਰਾਉਣ ਦੇ ਆਸਾਰ ਹਨ। ਖ਼ਰਾਬ ਮੌਸਮ ਕਰਕੇ ਸਾਹਿਲੀ ਗਾਰਡਾਂ ਵੱਲੋਂ ਲੋਕਾਂ ਨੂੰ ਡੂੰਘੇ ਪਾਣੀਆਂ ’ਚ ਜਾਣ ਤੋਂ ਰੋਕਿਆ ਜਾ ਰਿਹੈ। ਗ੍ਰਹਿ ਮੰਤਰੀ ਨਾਗਬਿ ਸੀਨਾਰਿੰਬੋ ਨੇ ਕਿਹਾ ਕਿ ਸ਼ੁੱਕਰਵਾਰ ਸਵੇਰ ਤੋਂ ਮੀਂਹ ਕੁਝ ਘਟਿਆ ਹੈ ਤੇ ਕਈ ਕਸਬਿਆਂ ’ਚ ਪਾਣੀ ਦਾ ਪੱਧਰ ਘਟਣ ਲੱਗਾ ਹੈ। ਉਨ੍ਹਾਂ ਕਿਹਾ ਕਿ ਮੇਅਰ, ਰਾਜਪਾਲ ਤੇ ਆਫ਼ਤ ਰਿਸਪੌਂਸ ਅਧਿਕਾਰੀਆਂ ਵੱਲੋਂ ਦਿੱਤੀਆਂ ਰਿਪੋਰਟਾਂ ਮੁਤਾਬਕ ਵਧੇਰੇ ਮੌਤਾਂ ਡੁੱਬਣ ਕਰਕੇ ਜਾਂ ਫਿਰ ਢਿੱਗਾਂ ਡਿੱਗਣ ਕਰਕੇ ਹੋਈਆਂ ਹਨ। ਉਨ੍ਹਾਂ ਕਿਹਾ ਕਿ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਸ਼ੁੱਕਰਵਾਰ ਬਾਅਦ ਦੁਪਹਿਰ ਉੱਤਰੀ ਸਮਰ ਸੂਬੇ ਦੇ ਕੈਟਰਮੈਨ ਕਸਬੇ ਦੇ ਪੂਰਬ ਵਿੱਚ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। -ਏਪੀ