ਪੇਸ਼ਾਵਰ, 21 ਨਵੰਬਰ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਕੁਰਮ ਖੇਤਰ ਵਿਚ ਦਹਿਸ਼ਤਗਰਦਾਂ ਵੱਲੋਂ ਯਾਤਰੀ ਵੈਨਾਂ ’ਤੇ ਘਾਤ ਲਾ ਕੇ ਕੀਤੇ ਹਮਲੇ ਵਿਚ 50 ਜਣੇ ਮਾਰੇ ਗਏ ਤੇ 20 ਜ਼ਖ਼ਮੀ ਹੋ ਗਏ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਪਾਰਾਚਿਨਾਰ ਤੋਂ ਪੇਸ਼ਾਵਰ ਦੇ ਰਸਤੇ ’ਤੇ ਕੀਤਾ ਗਿਆ ਜਿਸ ਵਿਚ ਮਰਨ ਵਾਲੇ ਸ਼ੀਆ ਭਾਈਚਾਰੇ ਨਾਲ ਸਬੰਧਤ ਸਨ। ਪੁਲੀਸ ਅਨੁਸਾਰ ਮਾਰੇ ਗਏ 14 ਕੋਲ ਕੋਈ ਪਛਾਣ ਪੱਤਰ ਨਹੀਂ ਮਿਲਿਆ। ਪੁਲੀਸ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਹਮਲੇ ਦੀ ਕਿਸੇ ਵੀ ਦਹਿਸ਼ਤੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਜਦਕਿ ਸੁਰੱਖਿਆ ਬਲਾਂ ਨੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਪਾਕਿਸਤਾਨ ਦੇ ਮੰਤਰੀ ਮੋਹਸਿਨ ਨਕਵੀ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ।
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਕਿ ਬੇਕਸੂਰ ਯਾਤਰੀਆਂ ’ਤੇ ਹਮਲਾ ਕਰਨਾ ਕਾਇਰਤਾਪੂਰਨ ਅਤੇ ਅਣਮਨੁੱਖੀ ਕਾਰਾ ਹੈ। ਜ਼ਿਕਰਯੋਗ ਹੈ ਕਿ ਕੁਰਮ ਖੇਤਰ ਵਿਚ ਸ਼ੀਆ ਅਤੇ ਸੁੰਨੀ ਕਬੀਲਿਆਂ ਦਰਮਿਆਨ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਛਲੇ ਸਮੇਂ ਵਿਚ ਹਿੰਸਕ ਅਤੇ ਮਾਰੂ ਝੜਪਾਂ ਹੋਈਆਂ ਹਨ ਜਿਸ ਕਾਰਨ ਦੋਵਾਂ ਪਾਸਿਆਂ ਦੇ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ।