ਪੇਈਚਿੰਗ, 18 ਸਤੰਬਰ
ਤਾਇਵਾਨ ਵਿੱਚ ਅੱਜ ਭੂਚਾਲ ਦਾ ਤੇਜ਼ ਝਟਕਾ ਮਹਿਸੂਸ ਕੀਤਾ ਗਿਆ ਜਿਸ ਨਾਲ ਘੱਟੋ-ਘੱਟ ਇਕ ਇਮਾਰਤ ਢਹਿ ਢੇਰੀ ਹੋ ਗਈ ਅਤੇ ਉਸ ਦੇ ਮਲਬੇ ਹੇਠ ਤਿੰਨ ਵਿਅਕਤੀ ਦੱਬ ਗਏ। ਭੂਚਾਲ ਕਰ ਕੇ ਇਕ ਸਟੇਸ਼ਨ ’ਤੇ ਯਾਤਰੀ ਰੇਲਗੱਡੀ ਦੇ ਕੁਝ ਡੱਬੇ ਵੀ ਪਟੜੀ ਤੋਂ ਉਤਰ ਗਏ। ਅੱਜ ਆਏ ਇਸ ਭੂਚਾਲ ਦੀ ਤੀਬਰਤਾ 6.8 ਦਰਜ ਕੀਤੀ ਗਈ ਜੋ ਕਿ ਸ਼ਨਿਚਰਵਾਰ ਤੋਂ ਇਸ ਦੇਸ਼ ਦੇ ਦੱਖਣੀ-ਪੂਰਬੀ ਹਿੱਸਿਆਂ ਵਿੱਚ ਮਹਿਸੂਸ ਕੀਤੇ ਜਾ ਰਹੇ ਦਰਜਨਾਂ ਝਟਕਿਆਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਹੈ। ਇਸੇ ਇਲਾਕੇ ਵਿੱਚ ਸ਼ਨਿਚਰਵਾਰ ਸ਼ਾਮ ਨੂੰ 6.4 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਤਾਇਵਾਨ ਦੇ ਕੇਂਦਰੀ ਮੌਸਮ ਬਿਊਰੋ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਚਿਸ਼ਾਂਗ ਸ਼ਹਿਰ ਕੋਲ ਸਤਹਿ ਤੋਂ ਮਹਿਜ਼ ਸੱਤ ਕਿਲੋਮੀਟਰ ਹੇਠਾਂ ਸੀ। ਭੂਚਾਲ ਕਰ ਕੇ ਯੂਲੀ ਸ਼ਹਿਰ ਨੇੜੇ ਇਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਜਿਸ ਦੀ ਹੇਠਲੀ ਮੰਜ਼ਿਲ ’ਤੇ ਸੱਤ ਤੋਂ 11 ਦੁਕਾਨਾਂ ਸਨ ਅਤੇ ਉੱਪਰਲੀ ਮੰਜ਼ਿਲ ’ਤੇ ਲੋਕ ਰਹਿੰਦੇ ਸਨ। ਉੱਧਰ, ਜਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਤਾਇਵਾਨ ਨੇੜੇ ਦੱਖਣੀ ਜਪਾਨ ਦੇ ਕਈ ਦੀਪਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ, ਜਿਸ ਨੂੰ ਬਾਅਦ ’ਚ ਵਾਪਸ ਲੈ ਲਿਆ ਗਿਆ। -ਏਪੀ