ਮਾਸਕੋ, 17 ਨਵੰਬਰ
ਅਰਮੀਨੀਆ ਨਾਲ ਸਰਹੱਦ ’ਤੇ ਹੋਈ ਝੜਪ ਵਿੱਚ ਅਜ਼ਰਬੈਜਾਨ ਦੇ ਸੱਤ ਸੈਨਿਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋਏ ਹਨ। ਅਜ਼ਰਬੈਜਾਨ ਦੇ ਰੱਖਿਆ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਸੇ ਅਰਮੀਨੀਆ ਦੇ ਅਧਿਕਾਰੀਆਂ ਨੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੰਗਲਵਾਰ ਨੂੰ ਹੋਈਆਂ ਝੜਪਾਂ ਦੌਰਾਨ ਉਸ ਦੇ 13 ਸੈਨਿਕਾਂ ਨੂੰ ਫੜ ਲਿਆ ਗਿਆ ਜਦਕਿ 24 ਹੋਰ ਲਾਪਤਾ ਹਨ। ਜ਼ਿਕਰਯੋਗ ਹੈ ਕਿ ਵੱਖਵਾਦੀਆਂ ਦੇ ਇਲਾਕੇ ਨਾਗੋਰਨੋ-ਕਾਰਬਾਖ ਨੂੰ ਲੈ ਕੇ ਪਿਛਲੇ ਸਾਲ ਦੋਵਾਂ ਦੇਸ਼ਾਂ ਵਿਚਾਲੇ ਛੇ ਹਫਤਿਆਂ ਤੱਕ ਲੜਾਈ ਵਿੱਚ ਲੱਗਪਗ 6,600 ਲੋਕਾਂ ਦੀ ਮੌਤ ਹੋਈ ਸੀ। ਅਰਮੀਨੀਆ ਦੇ ਰੱਖਿਆ ਮੰਤਰਾਲੇ ਨੇ ਅਜ਼ਰਬੈਜਾਨ ਦੇ ਸੈਨਿਕਾਂ ’ਤੇ ਅਰਮੀਨਿਆਈ ਚੌਕੀਆਂ ’ਤੇ ਗੋਲੀਬਾਰੀ ਕਰਨ ਦਾ ਦੋਸ਼ ਲਾਇਆ ਹੈ। ਇਸੇ ਦੌਰਾਨ ਅਜ਼ਰਬੈਜਾਨ ਸਰਕਾਰ ਨੇ ਅਰਮੀਨੀਆ ’ਤੇ ਸਰਹੱਦ ’ਤੇ ‘ਵੱਡੇ ਪੱਧਰ ’ਤੇ ਭੜਕਾਹਟ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਦੋਵਾਂ ਵਿਚਾਲੇ ਉਕਤ ਇਲਾਕੇ ਨੂੰ ਲੈ ਕੇ ਕਈ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਹੈ। -ਏਜੰਸੀ