ਪੇਈਚਿੰਗ, 31 ਮਾਰਚ
ਸੁਰੱਖਿਆ ਕਾਰਨਾਂ ਕਰ ਕੇ ਬੀਬੀਸੀ ਦੇ ਇਕ ਹੰਢੇ ਹੋਏ ਪੱਤਰਕਾਰ ਨੂੰ ਚੀਨ ’ਚੋਂ ਨਿਕਲਣ ਲਈ ਮਜਬੂਰ ਹੋਣਾ ਪਿਆ ਹੈ। ਉਸ ਦੀ ਕਵਰੇਜ ਉਤੇ ਚੀਨ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਬੀਬੀਸੀ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੌਹਨ ਸਡਵਰਥ ਤਾਇਵਾਨ ਚਲੇ ਗਏ ਹਨ ਤੇ ਉਹ ਬਰਤਾਨੀਆ ਦੇ ਬਰਾਡਕਾਸਟਰ ਬੀਬੀਸੀ ਨਾਲ ਜੁੜੇ ਰਹਿਣਗੇ। ਚੀਨ ਦੇ ਵਿਦੇਸ਼ੀ ਪੱਤਰਕਾਰਾਂ ਦੇ ਕਲੱਬ ਨੇ ਦੱਸਿਆ ਕਿ ਸਡਵਰਥ ਪਿਛਲੇ ਹਫ਼ਤੇ ਚਲੇ ਗਏ ਸਨ। ਜੌਹਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਬਾਰੇ ਫ਼ਿਕਰ ਜ਼ਾਹਿਰ ਕੀਤਾ ਗਿਆ ਸੀ। ਜੌਹਨ ਦੀ ਪਤਨੀ ਆਇਰਿਸ਼ ਪ੍ਰਸਾਰਣ ਸੇਵਾ ‘ਆਰਟੀਈ’ ਲਈ ਕੰਮ ਕਰਦੀ ਹੈ। ਬੀਬੀਸੀ ਨੇ ਟਵੀਟ ਕੀਤਾ ਕਿ ‘ਜੌਹਨ ਦੇ ਕੰਮ ਨੇ ਉਹ ਸੱਚਾਈ ਉਜਾਗਰ ਕੀਤੀ ਹੈ ਜੋ ਚੀਨ ਨਹੀਂ ਚਾਹੁੰਦਾ ਕਿ ਸੰਸਾਰ ਦੇ ਸਾਹਮਣੇ ਆਵੇ।’ -ਏਪੀ