ਪਿਸ਼ਾਵਰ, 9 ਨਵੰਬਰ
ਪਾਕਿਸਤਾਨ ਸਰਕਾਰ ਵੱਲੋਂ 2017 ’ਚ ਪਾਸ ਕੀਤੇ ਗਏ ਹਿੰਦੂ ਮੈਰਿਜ ਐਕਟ ਦੇ ਪ੍ਰਸਤਾਵਿਤ ਨੇਮਾਂ ਦੇ ਖਰੜੇ ਵਾਲੀ ਕਾਪੀ ਖ਼ੈਬਰ ਪਖਤੂਨਖਵਾ ਸਰਕਾਰ ਦੇ ਸਥਾਨਕ ਡਾਇਰੈਕਟੋਰੇਟ ਦਫ਼ਤਰ ’ਚੋਂ ਗੁੰਮ ਹੋ ਗਈ ਹੈ। ਪ੍ਰਸਤਾਵਿਤ ਨੇਮਾਂ ਦੀ ਕਾਪੀ ਸਥਾਨਕ ਸਰਕਾਰ ਨੂੰ ਹਾਮੀ ਭਰਨ ਲਈ ਭੇਜੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਊਸ ਸਮੇਂ ਸਾਹਮਣੇ ਆਇਆ ਜਦੋਂ ਡਾਇਰੈਕਟੋਰੇਟ ਨੇ ਪੱਤਰ ਭੇਜ ਕੇ ਸਕੱਤਰੇਤ ਨੂੰ ਦੱਸਿਆ ਕਿ ਊਨ੍ਹਾਂ ਨੂੰ ਪ੍ਰਸਤਾਵਿਤ ਨੇਮਾਂ ਦੀ ਕੋਈ ਕਾਪੀ ਨਹੀਂ ਮਿਲੀ ਹੈ। ਪਾਕਿਸਤਾਨ ਸਰਕਾਰ ਨੇ ਹਿੰਦੂ ਮਹਿਲਾਵਾਂ ਦੇ ਵਿਆਹ ਸਬੰਧੀ ਦਸਤਾਵੇਜ਼ੀ ਸਬੂਤ ਲਈ ਇਹ ਬਿੱਲ ਪਾਸ ਕੀਤਾ ਸੀ। ਇਹ ਕਾਨੂੰਨ ਪੰਜਾਬ, ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਸੂਬਿਆਂ ’ਚ ਲਾਗੂ ਹੈ। ਸਿੰਧ ਸੂਬੇ ਨੇ ਆਪਣਾ ਹੀ ਹਿੰਦੂ ਮੈਰਿਜ ਕਾਨੂੰਨ ਬਣਾਇਆ ਹੋਇਆ ਹੈ। ਊਂਜ ਸੂਬਾਈ ਸਰਕਾਰਾਂ ਨੂੰ ਐਕਟ ਲਈ ਖਰੜਾ ਨੇਮ ਤਿਆਰ ਕਰਨ ਦਾ ਕੰਮ ਦਿੱਤਾ ਹੋਇਆ ਹੈ। -ਪੀਟੀਆਈ