ਸਿੰਗਾਪੁਰ, 8 ਅਕਤੂਬਰ
ਸਿੰਗਾਪੁਰ ਵਿੱਚ ਭਾਰਤੀ ਮੂਲ ਦਾ ਇੱਕ ਸਿੱਖ ਜੋੜਾ 24 ਕਿਸ਼ਤਾਂ ਵਾਲੀ ‘ਦਸਤਾਵੇਜ਼ੀ ਸੀਰੀਜ਼’ ਆਨਲਾਈਨ ਰਿਲੀਜ਼ ਕਰੇਗਾ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉਨ੍ਹਾਂ ਸਥਾਨਾਂ ਦਾ ਵਰਣਨ ਹੋਵੇਗਾ, ਜਿੱਥੇ ਉਹ ਆਪਣੇ ਜੀਵਨ ਕਾਲ ਦੌਰਾਨ ਗਏ ਸਨ।
ਅਮਰਦੀਪ ਸਿੰਘ ਨੇ ਅੱਜ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਵਿਨਿੰਦਰ ਕੌਰ ਵੈੱਬਸਾਈਟ ਦਿ ਗੁਰੂਨਾਨਕ.ਕਾਮ ’ਤੇ ਦਸਤਾਵੇਜ਼ੀ ਸੀਰੀਜ਼ ਦੇ ਹਫ਼ਤਾਵਾਰੀ ਐਪੀਸੋਡ ਜਾਰੀ ਕਰਨਗੇ, ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੋਵੇਗੀ। ਇਨ੍ਹਾਂ ਨੂੰ ਡਾਊਨਲੋਡ ਵੀ ਕੀਤਾ ਜਾ ਸਕੇਗਾ। ਇਹ ਦਸਤਾਵੇਜ਼ੀ ਸੀਰੀਜ਼ ‘ਲੌਸਟ ਹੈਰੀਟੇਜ ਪ੍ਰੋਡਕਸ਼ਨਜ਼’ ਅਤੇ ‘ਸਿੱਖਲੈਂਜ਼ ਪ੍ਰੋਡਕਸ਼ਨਜ਼’ ਵੱਲੋਂ ਮਿਲ ਕੇ ਤਿਆਰ ਕੀਤੀ ਗਈ ਹੈ ਅਤੇ ਇਹ ਅਗਲੇ ਪੜਾਅ ਵਿੱਚ ਇਸ ਦਾ ਪੰਜਾਬੀ ਅਤੇ ਹਿੰਦੀ ਵਿੱਚ ਤਰਜਮਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲੱਗਪਗ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਨੇ ਧਰਮ ਪ੍ਰਚਾਰ ਲਈ ਦੋ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ, ਇਰਾਕ, ਸਾਊਦੀ ਅਰਬ, ਤਿੱਬਤ, ਬੰਗਲਾਦੇਸ਼ ਅਤੇ ਸ੍ਰੀਲੰਕਾ ਆਦਿ ਦੇਸ਼ਾਂ ਦੀ ਯਾਤਰਾ ਕੀਤੀ ਸੀ। ਜਨਵਰੀ 2019 ਵਿੱਚ ਅਮਰਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਅਗਵਾਈ ਵਾਲੀ ਟੀਮ ਨੇ ਗੁਰੂ ਨਾਨਕ ਦੇਵ ਦੀਆਂ ਇਨ੍ਹਾਂ ਯਾਤਰਾਵਾਂ ’ਤੇ ਇੱਕ ਦਸਤਾਵੇਜ਼ੀ ਸੀਰੀਜ਼ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਅਮਰਦੀਪ ਨੇ ਇੱਕ ਬਿਆਨ ਵਿੱਚ ਕਿਹਾ, ‘ਨਿੱਜੀ ਹਿੱਤਾਂ ਤੋਂ ਪਰ੍ਹੇ ਇਸ ਕਾਰਜ ਦਾ ਉਦੇਸ਼ ਗੁਰੂ ਨਾਨਕ ਦੇਵ ਦੇ ਉਨ੍ਹਾਂ ਸੁਨੇਹਿਆਂ ਨੂੰ ਫੈਲਾਉਣ ਦਾ ਜਨੂੰਨ ਸੀ, ਜਿਹੜੇ ਸਰਹੱਦਾਂ ਜਾਂ ਮਨੁੱਖੀ ਵੰਡੀਆਂ ਨੂੰ ਨਹੀਂ ਮੰਨਦੇ।’ ਟੀਮ ਨੇ 24 ਕਿਸ਼ਤਾਂ ਵਾਲੀ ਇਸ ਦਸਤਾਵੇਜ਼ੀ ਸੀਰੀਜ਼ ਲਈ ਗੁਰੂ ਨਾਨਕ ਦੇ ਜੀਵਨ ਦੀਆਂ ਘਟਨਾਵਾਂ ਪੇਸ਼ ਕਰਨ ਵਾਸਤੇ ਉਨ੍ਹਾਂ ਨਾਲ ਸਬੰਧਤ ਸਾਰੇ ਭੂਗੋਲਿਕ ਅਤੇ ਧਾਰਮਿਕ ਸਥਾਨਾਂ ’ਤੇ ਤਿੰਨ ਸਾਲਾਂ ਤੋਂ ਵੱਧ ਦਾ ਸਮਾਂ ਬਿਤਾਇਆ ਹੈ। ਇਹ ਸੀਰੀਜ਼ ਤਿਆਰ ਕਰਨ ਲਈ ਪੁਰਾਤਨ ਜਨਮ ਸਾਖੀਆਂ ਅਤੇ ਗੁਰੂ ਨਾਨਕ ਦੇ ਉਪਦੇਸ਼ਾਂ ਨੂੰ ਵੀ ਵਾਚਿਆ ਗਿਆ ਹੈ। -ਪੀਟੀਆਈ