ਨਿਊਯਾਰਕ (ਅਮਰੀਕਾ), 10 ਜਨਵਰੀ
ਨਿਊਯਾਰਕ ਸਿਟੀ ਦੇ ਬਰੌਂਕਸ ਵਿਚ ਇਕ ਅਪਾਰਟਮੈਂਟ ’ਚ ਕਥਿਤ ਤੌਰ ’ਤੇ ਇਲੈਕਟ੍ਰਿਕ ਸਪੇਸ ਹੀਟਰ’ ਦੇ ਖ਼ਰਾਬ ਹੋਣ ਕਾਰਨ ਖ਼ਤਰਨਾਕ ਅੱਗ ਲੱਗਣ ਕਾਰਨ ਨੌਂ ਬੱਚਿਆਂ ਸਣੇ 19 ਵਿਅਕਤੀਆਂ ਦੀ ਮੌਤ ਹੋ ਗਈ। ਨਿਊਯਾਰਕ ਸਿਟੀ ਫਾਇਰ ਵਿਭਾਗ ਨੇ ਦੱਸਿਆ ਕਿ ਐਤਵਾਰ ਨੂੰ ਬਰੌਂਕਸ ਵਿਚ ਘਟਨਾ ਸਥਾਨ ’ਤੇ ਕਰੀਬ 200 ਫਾਇਰ ਵਿਭਾਗ ਦੇ ਜਵਾਨਾਂ ਨੂੰ ਭੇਜਿਆ ਗਿਆ। ਫਿਲਾਡੇਲਫੀਆ ਵਿਚ ਕੁਝ ਦਿਨ ਪਹਿਲਾਂ ਇਕ ਘਰ ਵਿਚ ਅੱਗ ਲੱਗਣ ਨਾਲ ਅੱਠ ਬੱਚਿਆਂ ਸਣੇ 12 ਵਿਅਕਤੀਆਂ ਦੀ ਮੌਤ ਹੋ ਗਈ ਸੀ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਕਿ ਇਹ ਅਜਿਹੀ ਮੰਦਭਾਗੀ ਘਟਨਾ ਹੈ ਜਿਸ ਨਾਲ ਹੋਏ ਨੁਕਸਾਨ ਦਾ ਪਤਾ ਲੱਗਣਾ ਮੁਸ਼ਕਿਲ ਹੈ। ਐਡਮਸ ਨੇ ਕਿਹਾ ਕਿ 32 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਨੌਂ ਵਿਅਕਤੀਆਂ ਦੀ ਹਾਲਤ ਗੰਭੀਰ ਹੈ ਅਤੇ 22 ਹੋਰ ਖ਼ਤਰੇ ਤੋਂ ਬਾਹਰ ਹਨ। -ਏਪੀ