ਨਿਊ ਯਾਰਕ, 22 ਨਵੰਬਰ
ਅਮਰੀਕਾ ਵਿਚ 24 ਸਾਲਾਂ ਦੇ ਭਾਰਤੀ ਮੂਲ ਦੇ ਬੇਘਰੇ ਵਿਅਕਤੀ ਨੂੰ ਔਰਤ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਉਸ ਨੇ ਸਬਵੇਅ ਰੇਲ ਪੱਟੜੀ ’ਤੇ ਇਕ ਮਹਿਲਾ ਨੂੰ ਉਸ ਵੇਲੇ ਧੱਕਾ ਦੇਣ ਦਾ ਯਤਨ ਕੀਤਾ ਜਦ ਰੇਲਗੱਡੀ ਆ ਰਹੀ ਸੀ। ਆਦਿੱਤਿਆ ਵੇਮੁਲਾਪਤੀ ’ਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਨੇ ਉਸ ਦੀ ਚਾਰ ਦਸੰਬਰ ਤੱਕ ਹਿਰਾਸਤ ਦਿੱਤੀ ਹੈ। ਵੀਡੀਓ ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਵੇਮੁਲਾਪਤੀ ਯੂਨੀਅਨ ਸਕੁਏਅਰ ਸਟੇਸ਼ਨ ’ਤੇ ਪੱਟੜੀ ਵੱਲ ਔਰਤ ਨੂੰ ਉਸ ਵੇਲੇ ਧੱਕਾ ਮਾਰ ਰਿਹਾ ਹੈ ਜਦ ਰੇਲਗੱਡੀ ਆ ਰਹੀ ਹੈ। ਹਾਲਾਂਕਿ ਮਹਿਲਾ ਦਾ ਚਮਤਕਾਰੀ ਢੰਗ ਨਾਲ ਬਚਾਅ ਹੋ ਗਿਆ ਤੇ ਉਸ ਨੂੰ ਹਲਕੀਆਂ ਸੱਟਾਂ ਹੀ ਲੱਗੀਆਂ ਹਨ। ਉਹ ਦੋ ਰੇਲ ਪੱਟੜੀਆਂ ਦੇ ਵਿਚਾਲੇ ਡਿਗ ਗਈ ਤੇ ਰੇਲਗੱਡੀ ਨਾਲ ਟੱਕਰ ਹੋਣ ਤੋਂ ਉਸ ਦਾ ਬਚਾਅ ਹੋ ਗਿਆ। ਆਦਿੱਤਿਆ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਿਲਾ ਨੇ ਹੈੱਡਫੋਨ ਲਾਏ ਹੋਏ ਸਨ ਤੇ ਉਹ ਕੁਝ ਸੁਣ ਰਹੀ ਸੀ। ਵੇਮੁਲਾਪਤੀ ਨੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਰੇਲਗੱਡੀ ਨੇੜੇ ਆਉਣ ’ਤੇ ਬਿਨਾਂ ਕੁਝ ਕਹੇ ਉਸ ਨੂੰ ਧੱਕਾ ਦੇ ਦਿੱਤਾ। ਪੁਲੀਸ ਮੁਤਾਬਕ ਵੇਮੁਲਾਪਤੀ ਭਾਵਨਾਤਮਕ ਤੌਰ ’ਤੇ ਪ੍ਰੇਸ਼ਾਨ ਹੈ। -ਪੀਟੀਆਈ