ਖਾਨ ਯੂਨਿਸ, 20 ਅਕਤੂਬਰ
ਇਜ਼ਰਾਈਲ ਨੇ ਅੱਜ ਸਵੇਰੇ ਗਾਜ਼ਾ ਪੱਟੀ ’ਤੇ ਬੰਬਾਰੀ ਕੀਤੀ ਜਿਸ ਕਾਰਨ ਵੱਡੀ ਗਿਣਤੀ ਲੋਕ ਜ਼ਖ਼ਮੀ ਹੋ ਗਏ। ਇਸ ਦੌਰਾਨ ਇਜ਼ਰਾਈਲ ਨੇ ਲਬਿਨਾਨ ਨਾਲ ਲੱਗਦੀ ਸਰਹੱਦ ’ਤੇ ਇਕ ਇਜ਼ਰਾਇਲੀ ਕਸਬੇ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਈਲ ਦਾ ਇਹ ਕਦਮ ਖੇਤਰੀ ਟਕਰਾਅ ਦਾ ਦਾਇਰਾ ਵਧਣ ਦਾ ਨਵਾਂ ਸੰਕੇਤ ਜਾਪ ਰਿਹਾ ਹੈ। ਲਬਿਨਾਨ ਦੇ ਹਿਜ਼ਬੁੱਲ੍ਹਾ ਅਤਿਵਾਦੀ ਗਰੁੱਪ ਦਾ ਤਕਰੀਬਨ ਰੋਜ਼ ਇਜ਼ਰਾਇਲੀ ਫ਼ੌਜ ਨਾਲ ਟਾਕਰਾ ਹੋ ਰਿਹਾ ਹੈ। ਹਿਜ਼ਬੁੱਲ੍ਹਾ ਕੋਲ ਵੱਡੀ ਗਿਣਤੀ ਰਾਕੇਟ ਹਨ ਜੋ ਲੰਮੀ ਦੂਰੀ ਤੱਕ ਮਾਰ ਕਰਦੇ ਹਨ। ਜੇਕਰ ਇਜ਼ਰਾਈਲ ਹਮਾਸ ਨੂੰ ਤਬਾਹ ਕਰਨ ਦੇ ਰਾਹ ਪੈਂਦਾ ਹੈ ਤਾਂ ਹਿਜ਼ਬੁੱਲ੍ਹਾ ਵੀ ਜੰਗ ਵਿਚ ਸ਼ਾਮਲ ਹੋ ਸਕਦਾ ਹੈ। ਇਨ੍ਹਾਂ ਦੋਵਾਂ ਗਰੁੱਪਾਂ ਨੂੰ ਇਰਾਨ ਦੀ ਹਮਾਇਤ ਪ੍ਰਾਪਤ ਹੈ। ਜੰਗ ਦੌਰਾਨ ਇਜ਼ਰਾਇਲੀ ਰੱਖਿਆ ਮੰਤਰੀ ਨੇ ਅੱਜ ਕਿਹਾ ਕਿ ਉਹ ਗਾਜ਼ਾ ਦੇ ਨਾਗਰਿਕਾਂ ਨੂੰ ਕੰਟਰੋਲ ਕਰਨ ਦੇ ਚਾਹਵਾਨ ਨਹੀਂ ਹਨ ਤੇ ਉਨ੍ਹਾਂ ਦੀ ਲੜਾਈ ਹਮਾਸ ਅਤਿਵਾਦੀ ਗਰੁੱਪ ਨਾਲ ਹੈ। ਉਨ੍ਹਾਂ ਕਿਹਾ ਕਿ ਹਮਾਸ ਨੂੰ ਖ਼ਤਮ ਕਰਨ ਤੋਂ ਬਾਅਦ ਫ਼ੌਜ ਦੀ ‘ਗਾਜ਼ਾ ਪੱਟੀ ਵਿਚ ਲੋਕਾਂ ਦੀ ਜ਼ਿੰਦਗੀ ਨੂੰ ਕੰਟਰੋਲ ਕਰਨ ਦੀ ਕੋਈ ਯੋਜਨਾ ਨਹੀਂ ਹੈ’। ਰੱਖਿਆ ਮੰਤਰੀ ਯੋਆਵ ਗੈਲਾਂਟ ਨੇ ਕਿਹਾ ਕਿ ਇਜ਼ਰਾਈਲ ਨੂੰ ਲੱਗਦਾ ਹੈ ਕਿ ਜੰਗ ਤਿੰਨ-ਗੇੜਾਂ ’ਚ ਹੋਵੇਗੀ, ਜੋ ਕਿ ਹਵਾਈ ਹਮਲਿਆਂ ਤੋਂ ਜ਼ਮੀਨ ਤੱਕ ਚੱਲੇਗੀ। ਫਲਸਤੀਨੀਆ ਮੁਤਾਬਕ ਗਾਜ਼ਾ ਦੇ ਖਾਨ ਯੂਨਿਸ ਵਿਚ ਵੱਡੇ ਹਵਾਈ ਹਮਲੇ ਹੋਏ ਹਨ। ਵੱਡੀ ਗਿਣਤੀ ਵਿਚ ਔਰਤਾਂ, ਪੁਰਸ਼ਾਂ ਤੇ ਬੱਚਿਆਂ ਨੂੰ ਸਥਾਨਕ ਨਾਸਰ ਹਸਪਤਾਲ ਲਿਜਾਇਆ ਗਿਆ ਹੈ। ਗਾਜ਼ਾ ਦਾ ਇਹ ਦੂਜਾ ਵੱਡਾ ਹਸਪਤਾਲ ਪਹਿਲਾਂ ਹੀ ਮਰੀਜ਼ਾਂ ਨਾਲ ਭਰਿਆ ਪਿਆ ਹੈ। ਗਾਜ਼ਾ ਦੇ ਹਸਪਤਾਲਾਂ ਨੂੰ ਈਂਧਨ ਦੀ ਸਪਲਾਈ ਲਈ ਮਿਸਰ ਤੇ ਇਜ਼ਰਾਈਲ ਵਿਚਾਲੇ ਵਾਰਤਾ ਜਾਰੀ ਹੈ। ਇਜ਼ਰਾਇਲੀ ਫ਼ੌਜ ਦਾ ਕਹਿਣਾ ਹੈ ਕਿ ਉਨ੍ਹਾਂ ਗਾਜ਼ਾ ਵਿਚ 100 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਕਿ ਹਮਾਸ ਦੇ ਸ਼ਾਸਕਾਂ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਇਜ਼ਰਾਈਲ ਨੇ ਆਪਣੇ ਥਲ ਸੈਨਿਕਾਂ ਨੂੰ ਗਾਜ਼ਾ ’ਚ ਦਾਖਲ ਹੋਣ ਲਈ ਤਿਆਰ ਰਹਿਣ ਲਈ ਕਿਹਾ ਹੈ। ਇਜ਼ਰਾਈਲ ਨੇ ਗਾਜ਼ਾ ਬਾਰਡਰ ’ਤੇ ਵੱਡੀ ਗਿਣਤੀ ਵਿਚ ਸੈਨਾ ਜਮ੍ਹਾਂ ਕਰ ਲਈ ਹੈ। -ਏਪੀ
ਟਕਰਾਅ ਦੇ ਮੱਦੇਨਜ਼ਰ ਚੀਨ ਨੇ ਮੱਧ ਪੂਰਬ ’ਚ ਰਾਜਦੂਤ ਭੇਜਿਆ
ਪੇਈਚਿੰਗ: ਇਜ਼ਰਾਈਲ ਤੇ ਹਮਾਸ ਵਿਚਾਲੇ ਗੋਲੀਬੰਦੀ ਕਰਾਉਣ ਲਈ ਚੀਨ ਨੇ ਆਪਣਾ ਇਕ ਰਾਜਦੂਤ ਮੱਧ ਪੂਰਬ ਭੇਜਿਆ ਹੈ। ਰਾਜਦੂਤ ਝਈ ਜੁਨ ਦੀ ਪਹਿਲੀ ਮੁਲਾਕਾਤ ਕਤਰ ਵਿਚ ਰੂਸੀ ਹਮਰੁਤਬਾ ਨਾਲ ਹੋਈ ਹੈ। ਦੋਵਾਂ ਧਿਰਾਂ ਨੇ ਇਸ ਟਕਰਾਅ ਦੇ ਸਿਆਸੀ ਹੱਲ ਉਤੇ ਜ਼ੋਰ ਦਿੱਤਾ ਹੈ। ਚੀਨ ਨੇ ਨਾਲ ਹੀ ਕਿਹਾ ਕਿ ਉਹ ਨਾਗਰਿਕਾਂ ’ਤੇ ਹਮਲੇ ਦੇ ਖਿਲਾਫ਼ ਹਨ, ਪਰ ਉਨ੍ਹਾਂ ਹਮਾਸ ਵੱਲੋਂ ਪਹਿਲਾਂ ਕੀਤੇ ਹਮਲੇ ਦੀ ਨਿੰਦਾ ਨਹੀਂ ਕੀਤੀ। ਵਿਸ਼ਲੇਸ਼ਕਾਂ ਅਨੁਸਾਰ ਚੀਨ ਵਿਚੋਲੇਗੀ ਨਿਭਾ ਕੇ ਖੇਤਰ ’ਚ ਆਪਣਾ ਪ੍ਰਭਾਵ ਛੱਡਣਾ ਚਾਹੁੰਦਾ ਹੈ। ਚੀਨ ਦਾ ਰਾਜਦੂਤ ਮੱਧ ਪੂਰਬ ਵਿਚ ਹੋਰਨਾਂ ਆਗੂਆਂ ਨਾਲ ਵੀ ਮੁਲਾਕਾਤ ਕਰੇਗਾ। -ਏਪੀ
ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ
ਵਾਸ਼ਿੰਗਟਨ: ਇਜ਼ਰਾਈਲ-ਗਾਜ਼ਾ ਜੰਗ ਵਿਚਾਲੇ ਅਮਰੀਕਾ ਵਿਰੋਧੀ ਰੋਸ ਮੁਜ਼ਾਹਰਿਆਂ ਵਿਚ ਵਾਧਾ ਹੋਣ ਤੇ ਅਤਿਵਾਦੀ ਹਮਲਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਅਮਰੀਕਾ ਨੇ ਵਿਦੇਸ਼ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਮੱਧ ਪੂਰਬ ਵਿਚ ਤਣਾਅ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਵਿਭਾਗ ਨੇ ‘ਸੰਸਾਰ ਪੱਧਰ ਉਤੇ ਚਿਤਾਵਨੀ’ ਜਾਰੀ ਕੀਤੀ ਹੈ। ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਸੈਲਾਨੀਆਂ ਨਾਲ ਭਰੀਆਂ ਥਾਵਾਂ ’ਤੇ ਚੌਕਸ ਰਹਿਣਾ ਪਏਗਾ। ਇਸ ਵਿਚ ਅਮਰੀਕੀ ਨਾਗਰਿਕਾਂ ਨੂੰ ‘ਸਮਾਰਟ ਟਰੈਵਲਰ ਐੱਨਰੋਲਮੈਂਟ ਪ੍ਰੋਗਰਾਮ’ ਵਿਚ ਨਾਂ ਦਰਜ ਕਰਾਉਣ ਲਈ ਵੀ ਕਿਹਾ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਸੂਚਨਾ ਤੇ ਅਲਰਟ ਮਿਲਦੇ ਰਹਿਣ। -ਪੀਟੀਆਈ