ਯੋਰੋਸ਼ਲਮ: ਈਸਾਈ ਭਾਈਚਾਰੇ ਨੇ ਅੱਜ ਕਰੋਨਾਵਾਇਰਸ ਸੰਕਟ ਦੇ ਵਿਚਾਲੇ ‘ਗੁੱਡ ਫਰਾਈਡੇਅ’ ਦਾ ਤਿਉਹਾਰ ਮਨਾਇਆ। ਹਾਲਾਂਕਿ ਕਈ ਜਗ੍ਹਾ ਮਹਾਮਾਰੀ ਦਾ ਪ੍ਰਭਾਵ ਘਟਣ ਕਾਰਨ ਧਾਰਮਿਕ ਸਥਾਨ ਸੀਮਤ ਢੰਗ ਨਾਲ ਖੋਲ੍ਹੇ ਗਏ। ਪਰ ਵੱਡੇ ਇਕੱਠ ਦੇਖਣ ਨੂੰ ਨਹੀਂ ਮਿਲੇ। ਪਿਛਲੇ ਸਾਲ ਇਨ੍ਹਾਂ ਦਿਨਾਂ ਦੌਰਾਨ ਯੋਰੋਸ਼ਲਮ ਵਿਚ ਸਖ਼ਤ ਲੌਕਡਾਊਨ ਲੱਗਾ ਹੋਇਆ ਸੀ। ਸਾਲਾਨਾ ਕੀਤੀਆਂ ਜਾਂਦੀਆਂ ਪਵਿੱਤਰ ਰਸਮਾਂ ਪਾਦਰੀਆਂ ਦੇ ਇਕ ਛੋਟੇ ਗਰੁੱਪ ਵੱਲੋਂ ਕੀਤੀਆਂ ਗਈਆਂ ਸਨ। ਆਮ ਤੌਰ ’ਤੇ ਇਸ ਮੌਕੇ ਸ਼ਹਿਰ ਵਿਚ ਲੱਖਾਂ ਲੋਕ ਇਕੱਤਰ ਹੁੰਦੇ ਹਨ। ਇਸ ਸਾਲ ਯੋਰੋਸ਼ਲਮ ਸਥਿਤ ਪਵਿੱਤਰ ਗਿਰਜਾਘਰ ਨੂੰ ਲੋਕਾਂ ਲਈ ਖੋਲ੍ਹਿਆ ਗਿਆ ਜਿੱਥੇ ਸਵੇਰ ਵੇਲੇ ਪ੍ਰਾਰਥਨਾ ਹੋਈ। ਵੈਟੀਕਨ ਵਿਚ ਵੀ ਸੀਮਤ ਗਿਣਤੀ ’ਚ ਲੋਕਾਂ ਨੇ ਪ੍ਰਾਰਥਨਾ ਕੀਤੀ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਸਭ ਤੋਂ ਸਫ਼ਲ ਟੀਕਾਕਰਨ ਮੁਹਿੰਮ ਚਲਾਈ ਹੈ ਤੇ ਕਈ ਜਨਤਕ ਥਾਵਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਹਵਾਈ ਯਾਤਰਾ ਨਾਲ ਜੁੜੀਆਂ ਕਈ ਪਾਬੰਦੀਆਂ ਬਰਕਰਾਰ ਹਨ। ਇਸ ਲਈ ਵਿਦੇਸ਼ਾਂ ਤੋਂ ਸ਼ਰਧਾਲੂ ਪਹਿਲਾਂ ਵਰਗੀ ਗਿਣਤੀ ਵਿਚ ਯੋਰੋਸ਼ਲਮ ਨਹੀਂ ਪਹੁੰਚ ਸਕੇ। ਇਜ਼ਰਾਈਲ ਨੇ ਕਿਹਾ ਹੈ ਕਿ ‘ਈਸਟਰ’ ਦੇ ਜਸ਼ਨਾਂ ਮੌਕੇ 5000 ਫ਼ਲਸਤੀਨੀ ਈਸਾਈਆਂ ਨੂੰ ਪੱਛਮੀ ਕੰਢੇ ਤੋਂ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। -ਏਪੀ