ਢਾਕਾ, 13 ਅਗਸਤ
ਬੰਗਲਾਦੇਸ਼ ਦੀ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਛੇ ਹੋਰਾਂ ਦੇ ਖ਼ਿਲਾਫ਼ ਪਿਛਲੇ ਮਹੀਨੇ ਹੋਈਆਂ ਹਿੰਸਕ ਝੜਪਾਂ ਮੌਕੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਦੀ ਮੌਤ ਨੂੰ ਲੈ ਕੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਆਈਆਂ ਮੀਡੀਆ ਰਿਪੋਰਟਾਂ ਰਾਹੀਂ ਇਹ ਜਾਣਕਾਰੀ ਸਾਹਮਣੇ ਆਈ ਹੈ।ਢਾਕਾ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਅਨੁਸਾਰ ਇਹ ਮਾਮਲਾ ਕਰਿਆਨਾ ਦੁਕਾਨ ਮਾਲਕ ਅਬੂ ਸਈਦ ਦੇ ਨਜ਼ਦੀਕੀ ਨੇ ਦਰਜ ਕਰਵਾਇਆ ਹੈ, ਜਿਸਦੀ ਮੁਹੰਮਦਪੁਰ ਵਿਚ ਕੱਢੇ ਗਏ ਜਲੂਸ ਦੌਰਾਨ ਪੁਲੀਸ ਦੀ ਗੋਲੀਬਾਰੀ ਵਿਚ ਮੌਤ ਹੋ ਗਈ ਸੀ। ਇਸ ਕੇਸ ਵਿਚ ਅਵਾਮੀ ਲੀਗ ਦੇ ਜਨਰਲ ਸਕੱਤਰ ਓਬੇਦੂਲ ਕਾਦਰ, ਸਾਬਕਾ ਗ੍ਰਹਿ ਮੰਤਰੀ ਅਸਦੁਜਮਾਂ ਖਾਨ ਕਮਾਲ ਅਤੇ ਸਾਬਕਾ ਪੁਲੀਸ ਇੰਸਪੈਕਟਰ ਜਨਰਲ ਚੌਧਰੀ ਅਬਦੁੱਲਾ ਅਲ ਮਾਮੁਨ ਦਾ ਨਾਮ ਵੀ ਸ਼ਾਮਲ ਹੈ। ਰਿਪੋਰਟ ਦੇ ਅਨੁਸਾਰ ਇਨ੍ਹਾਂ ਤੋਂ ਇਲਾਵਾ ਪੁਲੀਸ ਦੇ ਕਈ ਉੱਚ ਅਧਿਕਾਰੀ ਅਤੇ ਸਰਕਾਰੀ ਅਧਿਕਾਰੀਆਂ ਮਾਮਲੇ ਵਿਚ ਦੋਸ਼ੀ ਬਣਾਏ ਗਏ ਹਨ। -ਪੀਟੀਆਈ