ਇਸਲਾਮਾਬਾਦ, 12 ਮਈ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਆਟੇ ਤੇ ਬਿਜਲੀ ਦੀਆਂ ਅਸਮਾਨੀ ਪੁੱਜੀਆਂ ਕੀਮਤਾਂ ਖਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚ ਹੋਈ ਹਿੰਸਕ ਝੜਪ ਵਿਚ ਇਕ ਪੁਲੀਸ ਅਧਿਕਾਰੀ ਹਲਾਕ ਤੇ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਬਹੁਗਿਣਤੀ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਰੋਜ਼ਨਾਮਚਾ ‘ਡਾਅਨ’ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਵੱਲੋਂ ਚੱਕਾ ਜਾਮ ਤੇ ਦੁਕਾਨਾਂ ਬੰਦ ਰੱਖ ਕੇ ਹੜਤਾਲ ਦੇ ਦਿੱਤੇ ਸੱਦੇ ਮਗਰੋਂ ਵਿਵਾਦਿਤ ਖੇਤਰ ਵਿਚ ਸ਼ਨਿੱਚਰਵਾਰ ਨੂੰ ਹਿੰਸਕ ਝੜਪਾਂ ਦੇਖਣ ਨੂੰ ਮਿਲੀਆਂ। ਮੀਰਪੁਰ ਦੇ ਐੱਸਐੱਸਪੀ ਕਾਮਰਾਨ ਅਲੀ ਨੇ ‘ਡਾਅਨ’ ਨੂੰ ਦੱਸਿਆ ਕਿ ਇਸਲਾਮਗੜ੍ਹ ਕਸਬੇ ਵਿਚ ਹੋਈ ਝੜਪ ਦੌਰਾਨ ਛਾਤੀ ’ਤੇ ਗੋਲੀ ਲੱਗਣ ਕਰਕੇ ਸਬ-ਇੰਸਪੈਕਟਰ ਅਦਨਾਨ ਕੁਰੈਸ਼ੀ ਦੀ ਮੌਤ ਹੋ ਗਈ। ਪੁਲੀਸ ਅਮਲਾ, ਜੰਮੂ ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਕੋਟਲੀ ਤੇ ਪੁਣਛ ਜ਼ਿਲ੍ਹਿਆਂ ਤੋਂ ਮੁਜ਼ੱਫਰਾਬਾਦ ਤੱਕ ਕੱਢੀ ਜਾਣ ਵਾਲੀ ਰੈਲੀ ਨੂੰ ਰੋਕ ਰਿਹਾ ਸੀ। -ਪੀਟੀਆਈ