ਸੰਯੁਕਤ ਰਾਸ਼ਟਰ, 18 ਜੂਨ
ਸੰਯੁਕਤ ਰਾਸ਼ਟਰ ਆਮ ਸਭਾ ਵਿੱਚ ਉਸ ਮਤੇ ਨੂੰ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ, ਜਿਸ ਵਿੱਚ ਮਿਆਂਮਾਰ ’ਚ ਫ਼ੌਜੀ ਸ਼ਾਸਨ ਨੂੰ ਦੇਸ਼ ਵਿੱਚ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਮੁੜ ਬਹਾਲ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਨਾਲ ਹੀ, ਸਾਰੇ ਦੇਸ਼ਾਂ ਨੂੰ ਮਿਆਂਮਾਰ ਨੂੰ ਹਥਿਆਰਾਂ ਦੀ ਸਪਲਾਈ ’ਤੇ ਰੋਕ ਲਾਉਣ ਲਈ ਵੀ ਕਿਹਾ ਗਿਆ ਹੈ। ਮਸੌਦਾ ਮਤੇ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਹਿੰਸਾ ਦੀ ਵੀ ਨਿਖੇਧੀ ਕੀਤੀ ਗਈ ਹੈ ਅਤੇ ਜੁੰਟਾ ਦੀ ਫ਼ੌਜ ਨੂੰ ਗ੍ਰਿਫ਼ਤਾਰ ਕੀਤੇ ਆਗੂ ਆਂਗ ਸਾਂ ਸੂ ਕੀ, ਪ੍ਰਧਾਨ ਵਿਨ ਮਿੰਟ ਅਤੇ ਮਨਮਰਜ਼ੀ ਨਾਲ ਹਿਰਾਸਤ ਵਿੱਚ ਲਏ ਗਏ ਜਾਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਅਪੀਲ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ਨੇ ਪਿਛਲੇ ਹਫ਼ਤੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਮਿਆਂਮਾਰ ਵਿੱਚ ਪਹਿਲੀ ਫਰਵਰੀ ਨੂੰ ਹੋਏ ਫ਼ੌਜੀ ਤਖ਼ਤਾ ਪਲਟ ਤੋਂ ਹੁਣ ਤੱਕ ਘੱਟੋ-ਘੱਟ 860 ਲੋਕ ਜਾਨ ਗੁਆ ਚੁੱਕੇ ਹਨ। -ਏਪੀ