ਜਲਾਲਾਬਾਦ: ਅਫ਼ਗਾਨਿਸਤਾਨ ਵਿੱਚ ਤਾਲਿਬਾਨੀ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਤਿੰਨ ਲੜੀਬੱਧ ਧਮਾਕਿਆਂ ਵਿੱਚ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 20 ਜ਼ਖ਼ਮੀ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਇਹ ਹਮਲਾ ਅੱਜ ਦੇਸ਼ ਦੇ ਪੂਰਬੀ ਸੂਬੇ ਨਾਂਗਰਹਾਰ ਦੀ ਰਾਜਧਾਨੀ ਵਿੱਚ ਕੀਤਾ ਗਿਆ। ਹਾਲੇ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਹਾਲਾਂਕਿ ਇਸਲਾਮਿਕ ਸਟੇਟ ਦਾ ਮੁੱਖ ਦਫ਼ਤਰ ਪੂਰਬੀ ਅਫ਼ਗਾਨਿਸਤਾਨ ਵਿੱਚ ਹੈ, ਜੋ ਨਵ-ਨਿਯੁਕਤ ਤਾਲਿਬਾਨ ਸਰਕਾਰ ਦਾ ਵਿਰੋਧੀ ਹੈ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮਰਨ ਵਾਲਿਆਂ ਜਾਂ ਜ਼ਖ਼ਮੀਆਂ ਵਿੱਚ ਤਾਲਿਬਾਨ ਦਾ ਕੋਈ ਅਧਿਕਾਰੀ ਹੈ ਜਾਂ ਨਹੀਂ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ਵਿੱਚ ਵੀ ਇੱਕ ਬੰਬ ਧਮਾਕਾ ਹੋਇਆ, ਜਿਸ ਵਿੱਚ ਦੋ ਮੌਤਾਂ ਹੋ ਗਈਆਂ। -ਏਪੀ