ਲਾਸ ਏਂਜਲਸ, 1 ਜੁਲਾਈ
ਬੌਲੀਵੁੱਡ ਸਟਾਰ ਆਲੀਆ ਭੱਟ, ਰਿਤਿਕ ਰੌਸ਼ਨ ਅਤੇ ਕਾਸਟਿਊਮ ਡਿਜ਼ਾਈਨਰ ਨੀਤਾ ਲੁੱਲਾ ਉਨ੍ਹਾਂ 819 ਕਲਾਕਾਰਾਂ ਅਤੇ ਅਧਿਕਾਰੀਆਂ ਵਿਚੋਂ ਹਨ, ਜਿਨ੍ਹਾਂ ਨੂੰ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਜ਼ (ਏਐੱਮਪੀਏਐੱਸ) ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਆਲੀਆ ਭੱਟ ਦੀ ਫਿਲਮ “ਗਲੀ ਬੁਆਏ” ਨੂੰ ਭਾਰਤ ਨੇ ਸਾਲ 2019 ਦੇ ਆਸਕਰ ਪੁਰਸਕਾਰ ਲਈ ਸਰਵੋਤਮ ਅੰਤਰਰਾਸ਼ਟਰੀ ਫੀਚਰ ਫਿਲਮ ਦੀ ਸ਼੍ਰੇਣੀ ਵਿੱਚ ਭੇਜਿਆ ਸੀ। ਇਸ ਫਿਲਮ ਨੂੰ ਪੁਰਸਕਾਰ ਨਹੀਂ ਮਿਲਿਆ। ਹੋਰ ਮਸ਼ਹੂਰ ਭਾਰਤੀ ਸ਼ਖਸੀਅਤਾਂ, ਜਿਨ੍ਹਾਂ ਨੂੰ ਏਐੱਮਪੀਏਐਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਕਾਸਟਿੰਗ ਡਾਇਰੈਕਟਰ ਨੰਦਿਨੀ ਸ੍ਰੀਕਾਂਤ, ਦਸਤਾਵੇਜ਼ੀ ਫਿਲਮ ਨਿਰਮਾਤਾ ਨਿਸ਼ਿਤਾ ਜੈਨ ਅਤੇ ਅਮਿਤ ਮਧੇਸੀਆ, ਵਿਜ਼ੂਅਲ ਇਫੈਕਟਸ ਸੁਪਰਵਾਈਜ਼ਰ ਵਿਸ਼ਾਲ ਆਨੰਦ ਅਤੇ ਸੰਦੀਪ ਕਮਲ ਸ਼ਾਮਲ ਹਨ। ਇਕ ਬਿਆਨ ਵਿਚ ਅਕੈਡਮੀ ਨੇ ਕਿਹਾ ਕਿ ਸੱਦੇ ਨਵੇਂ ਲੋਕਾਂ ਵਿਚੋਂ 36 ਪ੍ਰਤੀਸ਼ਤ ਵੱਖ-ਵੱਖ ਨਸਲਾਂ ਦੇ ਹਨ ਅਤੇ 45 ਪ੍ਰਤੀਸ਼ਤ ਔਰਤਾਂ ਹਨ।