ਵਾਸ਼ਿੰਗਟਨ, 12 ਜੂਨ
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਭਾਰਤੀ-ਅਮਰੀਕੀ ਪਰਵਾਸੀਆਂ ਦੀਆਂ ਲਗਪਗ ਹਰ ਖੇਤਰ ਵਿੱਚ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਦੋਹਾਂ ਦੇਸ਼ਾਂ ਦੇ ਚੰਗੇ ਸਬੰਧਾਂ ਦਾ ਪ੍ਰਗਟਾਵਾ ਕਰਦੀਆਂ ਹਨ। ਕਰੋਨਾ ਤੋਂ ਬਾਅਦ ਵਾਸ਼ਿੰਗਟਨ ਡੀਸੀ ਦੇ ਇੰਡੀਆ ਹਾਊਸ ’ਚ ਦੇਸ਼ ਭਰ ਦੇ ਉੱਘੇ ਭਾਰਤੀ-ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਇਸ ਭਾਈਚਾਰੇ ਦੀ ਸ਼ਲਾਘਾ ਕੀਤੀ, ਜੋ ਅਮਰੀਕਾ ਦੀ ਕੁੱਲ ਆਬਾਦੀ ਦਾ ਇੱਕ ਫੀਸਦੀ ਬਣਦਾ ਹੈ। ਉਨ੍ਹਾਂ ਕਿਹਾ, ‘‘ਤੁਸੀਂ ਸਾਰਿਆਂ ਨੇ ਪਿਛਲੇ ਢਾਈ ਦਹਾਕਿਆਂ ਵਿੱਚ ਭਾਰਤ-ਅਮਰੀਕਾ ਸਬੰਧਾਂ ਦੀ ਬਿਹਤਰੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਤੁਹਾਡੀਆਂ ਪ੍ਰਾਪਤੀਆਂ ਭਾਰਤ-ਅਮਰੀਕਾ ਵਿਚਾਲੇ ਚੰਗੇ ਸਬੰਧਾਂ ਦਾ ਪ੍ਰਗਟਾਵਾ ਕਰਦੀਆਂ ਹਨ।’’ ਉਨ੍ਹਾਂ ਕਿਹਾ ਕਿ ਇਸ ਇਕੱਠ ’ਚ ਬਾਇਡਨ ਪ੍ਰਸ਼ਾਸਨ, ਵੱਖ-ਵੱਖ ਸੰਸਥਾਵਾਂ ਦੇ ਆਗੂ, ਵਿਗਿਆਨੀ, ਸਿੱਖਿਆ ਸ਼ਾਸਤਰੀ, ਕਲਾਕਾਰ ਤੇ ਹੋਰ ਵਰਗ ਦੇ ਲੋਕ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ, ‘‘ਅੱਜ ਸਾਡੇ ਕੋਲ ਬਹੁ-ਰਾਸ਼ਟਰੀ ਕੰਪਨੀਆਂ ਦੇ ਸੀਈਓ, ਮਿਹਨਤੀ ਤੇ ਉਤਸ਼ਾਹੀ ਉੱਦਮੀ, ਕਿਸਾਨ, ਥਿੰਕ ਟੈਂਕਾਂ ਦੇ ਮੈਂਬਰ ਤੇ ਵਿਗਿਆਨਕ ਮੌਜੂਦ ਹਨ। ਇਹ ਸਭ ਅਮਰੀਕਾ ’ਚ ਭਾਰਤੀ-ਅਮਰੀਕੀ ਪਰਵਾਸੀਆਂ ਦੀ ਤਾਕਤ ਦਰਸਾਉਂਦਾ ਹੈ।’’ -ਪੀਟੀਆਈ