ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 25 ਅਗਸਤ
ਭਾਰਤ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਸਿਰਫ ਈ-ਵੀਜ਼ਾ ਲੈਣ ਵਾਲੇ ਅਫਗਾਨ ਨਾਗਰਿਕ ਹੀ ਭਾਰਤ ਆ ਸਕਦੇ ਹਨ ਤੇ ਨਿਰਧਾਰਤ ਸਮੇਂ ਤੱਕ ਠਹਿਰ ਸਕਦੇ ਹਨ। ਇਸੇ ਦੌਰਾਨ ਪਿੱਛਲੇ ਸਮੇਂ ਵਿੱਚ ਜਾਰੀ ਕੀਤੇ ਸਾਰੇ ਯਾਤਰੀ ਦਸਤਾਵੇਜ਼ਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਨਵੇਂ ਹੁਕਮਾਂ ਅਨੁਸਾਰ ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਤੇ ਭਾਰਤ ਦੀ ਵੀਜ਼ਾ ਪ੍ਰਣਾਲੀ ਨੂੰ ਲੀਹ ’ਤੇ ਲਿਆਉਣ ਲਈ ਈ-ਐਮਰਜੈਂਸੀ ਐਕਸ-ਮਿਸਲੇਨੀਅਸ ਵੀਜ਼ਾ ਪ੍ਰਣਾਲੀ ਹੋਂਦ ਵਿੱਚ ਲਿਆਂਦੀ ਗਈ ਹੈ ਤੇ ਫੈਸਲਾ ਕੀਤਾ ਗਿਆ ਹੈ ਕਿ ਅਫਗਾਨ ਨਾਗਰਿਕਾ ਸਿਰਫ ਈ-ਵੀਜ਼ਾ ’ਤੇ ਹੀ ਭਾਰਤ ਆ ਸਕਦੇ ਹਨ। ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਅਫਗਾਨ ਨਾਗਰਿਕਾਂ ਦੇ ਪਾਸਪੋਰਟ ਗੁੰਮ ਹੋ ਗਏ ਹਨ ਅਤੇ ਜਿਹੜੇ ਅਫਗਾਨ ਨਾਗਰਿਕ ਇਸ ਸਮੇਂ ਭਾਰਤ ਵਿੱਚ ਨਹੀਂ ਹਨ, ਉਨ੍ਹਾਂ ਨੂੰ ਪਿਛਲੇ ਸਮੇਂ ਵਿੱਚ ਜਾਰੀ ਕੀਤੇ ਵੀਜ਼ਿਆਂ ਦੀ ਮਾਨਤਾ ਵੀ ਰੱਦ ਹੋ ਗਈ ਹੈ। ਨਵੇਂ ਈ-ਵੀਜ਼ਾ ਲਈ www.indianvisaonline.gov.in ’ਤੇ ਅਪਲਾਈ ਕੀਤਾ ਜਾ ਸਕਦਾ ਹੈ।