ਕਾਬੁਲ, 21 ਅਪਰੈਲ
ਤੁਰਕੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਕਾਬੁਲ ਵਿੱਚ ਹਿੰਸਾ ਦੀਆਂ ਨਵੀਆਂ ਘਟਨਾਵਾਂ ਹੋਣ ਕਾਰਨ ਅਫ਼ਗਾਨਿਸਤਾਨ ਵਿੱਚ ਦੋਵਾਂ ਵਿਰੋਧੀ ਧੜਿਆਂ ਵਿੱਚ ਸਥਾਈ ਸ਼ਾਂਤੀ ਦੀ ਉਮੀਦ ਜਗਾਉਣ ਵਾਲੀ ਪ੍ਰਸਤਾਵਿਤ ਵਾਰਤਾ ਫ਼ਿਲਹਾਲ ਮੁੁਲਤਵੀ ਕੀਤੀ ਗਈ ਹੈ। ਇਸ ਵਾਰਤਾ ਦਾ ਅਮਰੀਕਾ ਵੀ ਸਮਰਥਨ ਕਰ ਰਿਹਾ ਸੀ। ਇਹ ਵਾਰਤਾ ਇਸਤਾਂਬੁਲ ਵਿੱਚ ਸ਼ੁਰੂ ਹੋਣੀ ਸੀ। ਇਸ ਵਾਰਤਾ ਦੇ ਮੁਲਤਵੀ ਹੋਣ ਨਾਲ ਅਫ਼ਗਾਨਿਸਤਾਨ ਵਿੱਚ ਅਮਰੀਕੀ ਫੌਜਾਂ ਦੀ ਸਮਾਂਬੱਧ ਵਾਪਸੀ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਆ ਰਹੀਆਂ ਚੁਣੌਤੀਆਂ ਫਿਰ ਤੋਂ ਉਜਾਗਰ ਹੋ ਗਈਆਂ ਹਨ। ਅਮਰੀਕਾ ਨੇ ਕਿਹਾ ਕਿ ਚਾਹੇ ਜੋ ਵੀ ਹੋ ਜਾਵੇ ਉਹ ਇੱਕ ਮਈ ਤੋਂ ਅਫ਼ਗਾਨਿਸਤਾਨ ਵਿੱਚ ਬਚੇ ਆਪਣੇ ਸੈਨਿਕਾਂ ਦੀ ਵਾਪਸੀ ਸ਼ੁਰੂ ਕਰੇਗਾ ਅਤੇ ਇਸ ਪ੍ਰਕਿਰਿਆ ਨੂੰ 11 ਸਤੰਬਰ ਤੱਕ ਪੂਰੀ ਕਰੇਗਾ। ਤੁਰਕੀ ਦੇ ਵਿਦੇਸ਼ ਮੰਤਰੀ ਮੈਵਲੁਤ ਕਾਬੂਸੋਗਲੂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਾਰਤਾ ਰਮਜ਼ਾਨ ਦੇ ਮਹੀਨੇ ਤੱਕ ਟਲ ਗਈ ਹੈ। ਰਮਜ਼ਾਨ ਮਈ ਦੇ ਅੱਧ ਤੱਕ ਖ਼ਤਮ ਹੋਵੇਗਾ। ਇਸ ਘੋਸ਼ਣਾ ਤੋਂ ਕੁਝ ਘੰਟੇ ਪਹਿਲਾਂ ਹੀ ਇੱਕ ਆਤਮਘਾਤੀ ਹਮਲਾਵਰ ਨੇ ਕਾਬੁਲ ਵਿੱਚ ਅਫ਼ਗਾਨ ਸੁਰੱਖਿਆ ਬਲਾਂ ਦੇ ਕਾਫ਼ਲੇ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਜ਼ਖ਼ਮੀਆਂ ਵਿੱਚ ਸੁਰੱਖਿਆ ਮੁਲਾਜ਼ਮ ਅਤੇ ਆਮ ਨਾਗਰਿਕ ਵੀ ਸ਼ਾਮਲ ਹਨ। -ਏਪੀ