ਚਾਹਕ, 11 ਅਕਤੂਬਰ
ਅਫਗਾਨਿਸਤਾਨ ’ਚ ਬੀਤੇ ਦਿਨੀਂ ਆਏ ਭਿਆਨਕ ਭੂਚਾਲ, ਜਿਸ ਵਿੱਚ ਦੋ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਮਗਰੋਂ ਅੱਜ ਸਵੇਰੇ ਪੱਛਮੀ ਅਫ਼ਗਾਨਿਸਤਾਨ ਭੂਚਾਲ ਦੇ ਇੱਕ ਹੋਰ ਤੇਜ਼ ਝਟਕੇ ਨਾਲ ਕੰਬ ਉੱਠਿਆ। ਅਮਰੀਕੀ ਜਿਓਲੌਜੀਕਲ ਸਰਵੇ ਅਨੁਸਾਰ 6.3 ਦੀ ਰਫ਼ਤਾਰ ਨਾਲ ਆਏ ਭੂਚਾਲ ਦਾ ਕੇਂਦਰ ਸੂਬਾਈ ਰਾਜਧਾਨੀ ਹੇਰਾਤ ਤੋਂ 28 ਕਿਲੋਮੀਟਰ ਦੂਰ ਅਤੇ 10 ਕਿਲੋਮੀਟਰ ਦੀ ਗਹਿਰਾਈ ’ਚ ਸੀ। ਸੂਚਨਾ ਮੰਤਰਾਲੇ ਦੇ ਬੁਲਾਰੇ ਅਬਦੁਲ ਵਾਹਿਦ ਰਿਆਨ ਨੇ ਦੱਸਿਆ ਭੂਚਾਲ ਕਾਰਨ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ ਕਾਰਨ ਹੇਰਾਤ-ਤੋਰਘੌਂਡੀ ਹਾਈਵੇਅ ਬੰਦ ਹੋ ਗਿਆ ਹੈ। ਇਸ ਘਟਨਾ ’ਚ 117 ਵਿਅਕਤੀ ਜ਼ਖ਼ਮੀ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅੱਜ ਆਏ ਭੂਚਾਲ ਕਾਰਨ ਚਾਹਕ ਪਿੰਡ ’ਚ ਸਾਰੇ 700 ਮਕਾਨ ਢਹਿ ਗਏ ਹਨ। ਇਸ ਤੋਂ ਪਹਿਲਾਂ ਆਏ ਭੂਚਾਲ ’ਚ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਸੀ ਪਰ ਹੁਣ ਇੱਥੇ ਸਿਰਫ਼ ਮਿੱਟੀ ਦੇ ਢੇਰ ਹਨ। -ਏਪੀ