ਕਾਬੁਲ/ਵਾਸ਼ਿੰਗਟਨ, 14 ਅਗਸਤ
ਮੁੱਖ ਅੰਸ਼
- ਬਲਖ਼ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ਼ ਉੱਤੇ ਤਾਲਿਬਾਨ ਕਾਬਜ਼
- ਸਿਆਸੀ ਆਗੂਆਂ, ਵੱਖ-ਵੱਖ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਤੇ ਕੌਮਾਂਤਰੀ ਸਹਿਯੋਗੀਆਂ ਨਾਲ ਕਰ ਰਹੇ ਹਾਂ ਤਾਲਮੇਲ: ਅਸ਼ਰਫ਼ ਗ਼ਨੀ
ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਬਿਲਕੁਲ ਦੱਖਣ ’ਚ ਇਕ ਸੂਬੇ ਉਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਇਲਾਵਾ ਸ਼ਨਿਚਰਵਾਰ ਸਵੇਰੇ ਬਾਗ਼ੀਆਂ ਨੇ ਮੁਲਕ ਦੇ ਉੱਤਰ ਵਿਚ ਇਕ ਵੱਡੇ ਸ਼ਹਿਰ ਉਤੇ ਕਈ ਪਾਸਿਓਂ ਹੱਲਾ ਬੋਲ ਦਿੱਤਾ ਹੈ। ਇਸ ਸ਼ਹਿਰ ਦੀ ਰਾਖੀ ਤਾਕਤਵਰ ਸਾਬਕਾ ਲੜਾਕੇ ਕਰ ਰਹੇ ਹਨ। ਤਾਲਿਬਾਨ ਨੇ ਜ਼ਿਆਦਾਤਰ ਉੱਤਰੀ, ਪੱਛਮੀ ਤੇ ਦੱਖਣੀ ਅਫ਼ਗਾਨਿਸਤਾਨ ਉਤੇ ਕਬਜ਼ਾ ਕਰ ਲਿਆ ਹੈ। ਅਮਰੀਕਾ ਅਗਲੇ ਤਿੰਨ ਹਫ਼ਤਿਆਂ ਦੇ ਅੰਦਰ ਆਪਣੀ ਪੂਰੀ ਸੈਨਾ ਅਫ਼ਗਾਨਿਸਤਾਨ ਵਿਚੋਂ ਕੱਢਣ ਵਾਲਾ ਹੈ ਤੇ ਮੁਲਕ ਵਿਚ ਖਾਨਾਜੰਗੀ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਪੂਰੇ ਮੁਲਕ ਉਤੇ ਪੂਰੀ ਤਰ੍ਹਾਂ ਤਾਲਿਬਾਨ ਦਾ ਕਬਜ਼ਾ ਹੋਣ ਦੇ ਕਾਫ਼ੀ ਆਸਾਰ ਹਨ। ਤਾਲਿਬਾਨ ਨੇ ਪੂਰੇ ਲੋਗਾਰ ਸੂਬੇ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਉੱਥੋਂ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਗ਼ੀ ਲੜਾਕਿਆਂ ਨੇ ਪਾਕਿਸਤਾਨ ਨਾਲ ਲਗਦੇ ਪੱਤਿਕਾ ਸੂਬੇ ਦੀ ਰਾਜਧਾਨੀ ਸ਼ਰਾਨਾ ਵੀ ਸਰਕਾਰੀ ਕੰਟਰੋਲ ਤੋਂ ਖੋਹ ਲਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਚਾਰ ਅਸਿਆਬ ਜ਼ਿਲ੍ਹੇ ’ਚ ਪਹੁੰਚ ਗਿਆ ਹੈ ਜੋ ਕਿ ਰਾਜਧਾਨੀ ਕਾਬੁਲ ਤੋਂ 11 ਕਿਲੋਮੀਟਰ ਦੂਰ ਹੈ। ਇਸ ਦੌਰਾਨ ਤਾਲਿਬਾਨ ਨੇ ਬਲਖ਼ ਸੂਬੇ ਦੀ ਰਾਜਧਾਨੀ ਮਜ਼ਾਰ- ਏ ਸ਼ਰੀਫ਼ ਉੱਤੇ ਵੀ ਕਬਜ਼ਾ ਕਰ ਲਿਆ ਹੈ। ਉਹ ਫਰਯਾਬ ਸੂਬੇ ਦੀ ਰਾਜਧਾਨੀ ਮੈਮਾਨਾ ’ਤੇ ਵੀ ਕਾਬਜ਼ ਹੋ ਗਏ ਹਨ। ਗਰਦੇਜ਼ ਸ਼ਹਿਰ ਵੀ ਉਨ੍ਹਾਂ ਦੇ ਕਬਜ਼ੇ ਹੇਠ ਹੈ।
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਟੀਵੀ ਉਤੇ ਇਕ ਭਾਸ਼ਣ ਦਿੰਦਿਆਂ ਕਿਹਾ ਕਿ 20 ਸਾਲਾਂ ਵਿਚ ਜਿਹੜੀਆਂ ‘ਪ੍ਰਾਪਤੀਆਂ’ ਕੀਤੀਆਂ ਗਈਆਂ ਹਨ, ਉਹ ਉਨ੍ਹਾਂ ਨੂੰ ਅਜਾਈਂ ਨਹੀਂ ਜਾਣ ਦੇਣਗੇ। ਜ਼ਿਕਰਯੋਗ ਹੈ ਕਿ 9/11 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਤਾਲਿਬਾਨ ਨੂੰ ਅਫ਼ਗਾਨਿਸਤਾਨ ਦੀ ਸੱਤਾ ਤੋਂ ਲਾਂਭੇ ਕੀਤਾ ਸੀ।ਜਿਵੇਂ ਜਿਵੇਂ ਤਾਲਿਬਾਨ ਅਫ਼ਗਾਨ ਰਾਜਧਾਨੀ ਨੂੰ ਘੇਰਾ ਪਾਉਂਦਾ ਜਾ ਰਿਹਾ ਹੈ, ਬਚਾਅ ਲਈ ਹੁਣ ਸਿਰਫ਼ ਕਾਬੁਲ ਹਵਾਈ ਅੱਡਾ ਬਚਿਆ ਹੈ। ਅਮਰੀਕਾ ਨੇ ਆਪਣੇ ਕੂਟਨੀਤਕਾਂ ਨੂੰ ਜੰਗ ਦਾ ਮੈਦਾਨ ਬਣੇ ਅਫ਼ਗਾਨਿਸਤਾਨ ਵਿਚੋਂ ਕੱਢਣ ਲਈ ਫ਼ੌਜੀ ਜਵਾਨ ਭੇਜੇ ਹਨ ਤੇ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਵੀ ਇਕੋ-ਇਕ ਰਾਹ ਬਚਿਆ ਹੈ ਤੇ ਉਹ ਕਾਬੁਲ ਦਾ ਹਵਾਈ ਅੱਡਾ ਹੀ ਹੈ। ਗ਼ਨੀ ਨੇ ਕਿਹਾ ਕਿ ਸਰਕਾਰ ਦੇ ਅੰਦਰ ਵੱਡੇ ਬਜ਼ੁਰਗਾਂ ਤੇ ਸਿਆਸੀ ਆਗੂਆਂ, ਵੱਖ-ਵੱਖ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਤੇ ਕੌਮਾਂਤਰੀ ਸਹਿਯੋਗੀਆਂ ਨਾਲ ਅਲੱਗ-ਅਲੱਗ ਪੱਧਰ ਉਤੇ ਤਾਲਮੇਲ ਕੀਤਾ ਜਾ ਰਿਹਾ ਹੈ। ਜਲਦੀ ਹੀ ਸਿੱਟੇ ਸਾਰਿਆਂ ਨਾਲ ਸਾਂਝੇ ਕੀਤੇ ਜਾਣਗੇ। ਰਾਸ਼ਟਰਪਤੀ ਮਜ਼ਾਰ-ਏ-ਸ਼ਰੀਫ਼ ਪਹੁੰਚ ਗਏ ਹਨ ਤੇ ਸ਼ਹਿਰ ਦੀ ਰੱਖਿਆ ਲਈ ਚੁੱਕੇ ਜਾ ਰਹੇ ਕਦਮਾਂ ਦੀ ਨਿਗਰਾਨੀ ਕਰ ਰਹੇ ਹਨ। ਉੱਥੇ ਉਨ੍ਹਾਂ ਹਜ਼ਾਰਾਂ ਲੜਾਕਿਆਂ ਦੀ ਅਗਵਾਈ ਕਰ ਰਹੇ ਕਈ ਕਮਾਂਡਰਾਂ ਨਾਲ ਵੀ ਗੱਲਬਾਤ ਕੀਤੀ ਹੈ। ਲੜਾਕਿਆਂ ਦੇ ਕਈ ਆਗੂ ਸਰਕਾਰ ਵੱਲੋਂ ਲੜ ਰਹੇ ਹਨ ਪਰ ਅਫ਼ਗਾਨਿਸਤਾਨ ਵਿਚ ਆਮ ਤੌਰ ’ਤੇ ਅਜਿਹੇ ਆਗੂ ਆਪਣੇ ਬਚਾਅ ਲਈ ਧੜੇ ਬਦਲ ਲੈਂਦੇ ਹਨ। ਅਮਰੀਕੀ ਦੂਤਾਵਾਸ ਦੇ ਮੁਲਾਜ਼ਮਾਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢਣ ਲਈ ਅਮਰੀਕੀ ਫ਼ੌਜ (ਮੈਰੀਨਜ਼) ਦਾ ਪਹਿਲਾ ਦਸਤਾ ਕਾਬੁਲ ਪਹੁੰਚ ਗਿਆ ਹੈ। ਬਾਕੀਆਂ ਦੇ ਭਲਕੇ ਪਹੁੰਚਣ ਦੀ ਸੰਭਾਵਨਾ ਹੈ। ਤਾਲਿਬਾਨ ਨੇ ਕੰਧਾਰ ਦੇ ਮੁੱਖ ਰੇਡੀਓ ਸਟੇਸ਼ਨ ਨੂੰ ਕਬਜ਼ੇ ਵਿਚ ਲੈ ਇਸ ਦਾ ਨਾਂ ‘ਵੁਆਇਸ ਆਫ਼ ਸ਼ਰੀਆ’ ਜਾਂ ਇਸਲਾਮਿਕ ਲਾਅ ਰੱਖ ਦਿੱਤਾ ਹੈ। ਇਸ ਸਟੇਸ਼ਨ ਤੋਂ ਹੁਣ ਸੰਗੀਤ ਨਹੀਂ ਵੱਜੇਗਾ। ਸਿਰਫ਼ ਖ਼ਬਰਾਂ, ਸਿਆਸੀ ਮੁਲਾਂਕਣ ਤੇ ਕੁਰਾਨ ਦੀਆਂ ਆਇਤਾਂ ਦਾ ਪ੍ਰਸਾਰਣ ਹੋਵੇਗਾ। ਜਰਮਨੀ ਤੇ ਚੈੱਕ ਗਣਰਾਜ ਆਪੋ-ਆਪਣੇ ਦੂਤਾਵਾਸਾਂ ਦੇ ਸਟਾਫ਼ ਨੂੰ ਇੱਥੋਂ ਕੱਢ ਰਿਹਾ ਹੈ। -ਏਪੀ
ਕਤਰ ਵੱਲੋਂ ਤਾਲਿਬਾਨ ਨੂੰ ਗੋਲੀਬੰਦੀ ਦੀ ਅਪੀਲ
ਦੁਬਈ: ਕਤਰ ਨੇ ਤਾਲਿਬਾਨ ਨੂੰ ਗੋਲੀਬੰਦੀ ਲਈ ਬੇਨਤੀ ਕੀਤੀ ਹੈ। ਕਤਰ ਦੇ ਵਿਦੇਸ਼ ਮੰਤਰੀ ਤੇ ਅਫ਼ਗਾਨ ਤਾਲਿਬਾਨ ਦੇ ਪ੍ਰਤੀਨਿਧੀਆਂ ਦੀ ਦੋਹਾ ਵਿਚ ਮੁਲਾਕਾਤ ਹੋਈ ਹੈ। ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲਰਹਿਮਾਨ ਅਲ-ਥਾਨੀ ਨੇ ਕਿਹਾ ਕਿ ਉਨ੍ਹਾਂ ਤਾਲਿਬਾਨ ਨੂੰ ਹਮਲਾਵਰ ਰੁਖ਼ ਤਿਆਗਣ ਲਈ ਕਿਹਾ ਹੈ। ਵਿਦੇਸ਼ ਮੰਤਰੀ ਨਾਲ ਅੱਜ ਤਾਲਿਬਾਨ ਦੀ ਸਿਆਸੀ ਬਿਊਰੋ ਦੇ ਮੁਖੀ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨੇ ਮੁਲਾਕਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਕਤਰ ਤਾਲਿਬਾਨ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਦੀ ਮੇਜ਼ਬਾਨੀ ਕਰ ਰਿਹਾ ਹੈ। ਦੋਹਾ ਵਿਚ ਵੀਰਵਾਰ ਅਮਰੀਕਾ, ਚੀਨ, ਪਾਕਿਸਤਾਨ, ਸੰਯੁਕਤ ਰਾਸ਼ਟਰ, ਯੂਰੋਪੀਅਨ ਯੂਨੀਅਨ ਤੇ ਹੋਰ ਮੁਲਕਾਂ ਦੇ ਸਫ਼ੀਰਾਂ ਨੇ ਤਾਲਿਬਾਨ ਦੇ ਪ੍ਰਤੀਨਿਧੀਆਂ ਅਤੇ ਅਫ਼ਗਾਨ ਸਰਕਾਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਇਸ ਮੌਕੇ ਕਿਹਾ ਸੀ ਕਿ ਧੱਕੇ ਨਾਲ ਬਣਾਈ ਗਈ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। -ਰਾਇਟਰਜ਼
ਹਿੰਦੂ ਤੇ ਸਿੱਖ ਪਰਿਵਾਰਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਅਪੀਲ
ਨਵੀਂ ਦਿੱਲੀ: ‘ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ’ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਕਾਬੁਲ ਵਿਚੋਂ 257 ਅਫ਼ਗਾਨ ਹਿੰਦੂ ਤੇ ਸਿੱਖ ਪਰਿਵਾਰਾਂ ਨੂੰ ਜਲਦੀ ਕੱੱਢਿਆ ਜਾਵੇ। ਸੰਗਠਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਸਮੇਂ ਦੀ ਮੰਗ ਹੈ ਕਿ ਅਫ਼ਗਾਨ ਮੂਲ ਦੇ ਸਿੱਖਾਂ ਤੇ ਹਿੰਦੂਆਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਇਸ ਵੇਲੇ ਗੰਭੀਰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਸੰਗਠਨ ਇਨ੍ਹਾਂ ਦੇ ਪੁਨਰਵਾਸ ਲਈ ਹਰ ਸੰਭਵ ਯਤਨ ਕਰੇਗਾ। ਸਾਹਨੀ ਨੇ ਪਹਿਲਾਂ ਹੀ ਭਾਰਤ ਆ ਚੁੱਕੇ ਅਜਿਹੇ ਸ਼ਰਨਾਰਥੀਆਂ ਨੂੰ ਲੰਮੀ ਮਿਆਦ ਦੇ ਵੀਜ਼ੇ ਦੇਣ ਲਈ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਨੂੰ ਜਲਦੀ ਨਾਗਰਿਕਤਾ ਵੀ ਦਿੱਤੀ ਜਾਵੇ। -ਪੀਟੀਆਈ
ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅੱਜ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ‘ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਹੈ।’ ਉਨ੍ਹਾਂ ਤਾਲਿਬਾਨ ਨੂੰ ਤੁਰੰਤ ਹਮਲਾਵਰ ਰੁਖ਼ ਤਿਆਗਣ ਦਾ ਸੱਦਾ ਦਿੱਤਾ। ਗੁਟੇਰੇਜ਼ ਨੇ ਜ਼ੋਰ ਦੇ ਕੇ ਕਿਹਾ ਕਿ ਫ਼ੌਜੀ ਤਾਕਤ ਰਾਹੀਂ ਸੱਤਾ ਹਥਿਆਉਣਾ ਕੋਈ ਹੱਲ ਨਹੀਂ ਹੈ ਬਲਕਿ ਇਹ ਖਾਨਾਜੰਗੀ ਨੂੰ ਜਨਮ ਦੇਵੇਗਾ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਤਾਲਿਬਾਨ ਜਲਦੀ ਹੀ ਰਾਜਧਾਨੀ ਕਾਬੁਲ ਉਤੇ ਕਬਜ਼ਾ ਕਰ ਸਕਦਾ ਹੈ। ਗੁਟੇਰੇਜ਼ ਨੇ ਕਿਹਾ ਕਿ ਅਜਿਹਾ ਮੁਲਕ ਜਿਸ ਦੀਆਂ ਕਈ ਪੀੜ੍ਹੀਆਂ ਨੇ ਟਕਰਾਅ ਹੀ ਦੇਖਿਆ ਹੈ, ਉਸ ਦੇ ਇਤਿਹਾਸ ਦੇ ਪੰਨਿਆਂ ਉਤੇ ਹੁਣ ਇਕ ਹੋਰ ਤ੍ਰਾਸਦੀ ਦਰਜ ਹੋ ਰਹੀ ਹੈ। -ਪੀਟੀਆਈ