ਇਸਲਾਮਾਬਾਦ, 27 ਅਗਸਤ
ਤਾਲਿਬਾਨ ਵੱਲੋਂ ਔਰਤਾਂ ਨੂੰ ਅਫ਼ਗਾਨਿਸਤਾਨ ਦੇ ਸਭ ਤੋਂ ਮਕਬੂਲ ਕੌਮੀ ਪਾਰਕਾਂ ਵਿੱਚ ਇੱਕ ‘ਬੰਦ-ਏ-ਅਮੀਰ’ ਪਾਰਕ ਵਿੱਚ ਜਾਣ ਤੋਂ ਰੋਕਣ ਲਈ ਸੁਰੱਖਿਆ ਬਲਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਸਦਾਚਾਰ ਮੰਤਰਾਲੇ ਦੇ ਇੱਕ ਤਰਜਮਾਨ ਵੱਲੋਂ ਸਾਂਝੀ ਕੀਤੀ ਸੂਚਨਾ ਵਿੱਚ ਦਿੱਤੀ ਗਈ। ਮੰਤਰਾਲੇ ਨੇ ਦੋਸ਼ ਲਾਇਆ ਕਿ ਇਹ ਦੇਖਿਆ ਗਿਆ ਹੈ ਕਿ ਕੇਂਦਰੀ ਬਾਮਿਆਨ ਸੂਬੇ ਵਿੱਚ ਸਥਿਤ ‘ਬੰਦ-ਏ-ਅਮੀਰ’ ਪਾਰਕ ਵਿੱਚ ਜਾਣ ਸਮੇਂ ਔਰਤਾਂ ਵੱਲੋਂ ਹਿਜਾਬ ਸਹੀ ਤਰੀਕੇ ਨਾਲ ਨਹੀਂ ਪਹਿਨਿਆ ਜਾਂਦਾ। ਇਹ ਕਦਮ ਮੰਤਰੀ ਮੁਹੰਮਦ ਖਾਲਿਦ ਹਨਾਫ਼ੀ ਵੱਲੋਂ ਇਸ ਹਫ਼ਤੇ ਸੂਬੇ ਦਾ ਦੌਰਾ ਕਰਨ ਮਗਰੋਂ ਸਾਹਮਣੇ ਆਇਆ ਹੈ। ਇਸੇ ਦੌਰਾਨ ‘ਹਿਊਮਨ ਰਾਈਟਸ ਵਾਚ’ ਨੇ ਤਾਲਿਬਾਨ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਸੰਸਥਾ ਵਿੱਚ ਮਹਿਲਾ ਅਧਿਕਾਰਾਂ ਬਾਰੇ ਸਹਾਇਕ ਡਾਇਰੈਕਟਰ ਹੀਥਰ ਬਰ ਨੇ ਕਿਹਾ, ‘‘ਕਦਮ-ਦਰ-ਕਦਮ ਔਰਤਾਂ ਲਈ ਦਰਵਾਜ਼ੇ ਬੰਦ ਹੋ ਰਹੇ ਹਨ ਤੇ ਹਰ ਘਰ ਇੱਕ ਜੇਲ੍ਹ ਬਣ ਗਿਆ ਹੈ।’’ -ਏਪੀ