ਲਿਸਬਨ, 1 ਸਤੰਬਰ
ਪੁਰਤਗਾਲ ਵਿੱਚ ਗਰਭਵਤੀ ਭਾਰਤੀ ਮਹਿਲਾ ਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਭੇਜਣ ਅਤੇ ਇਸ ਦੌਰਾਨ ਮਹਿਲਾ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਮਗਰੋਂ ਦੇਸ਼ ਦੀ ਸਿਹਤ ਮੰਤਰੀ ਮਾਰਟਾ ਟੈਮਿਡੋ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ 34 ਸਾਲ ਦੀ ਭਾਰਤੀ ਮਹਿਲਾ ਨੂੰ ਸੈਂਟਾ ਮਾਰੀਆ ਹਸਪਤਾਲ ਤੋਂ ਐਂਬੂਲੈਂਸ ਰਾਹੀਂ ਇੱਕ ਹੋਰ ਹਸਪਤਾਲ ਲਿਜਾਇਆ ਜਾ ਰਿਹਾ ਸੀ ਅਤੇ ਇਸੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਦਰਅਸਲ ਸੈਂਟਾ ਮਾਰੀਆ ਹਸਪਤਾਲ ਵਿੱਚ ਨਵਜੰਮੇ ਬੱਚੇ ਦੀ ਦੇਖਭਾਲ ਲਈ ਜਗ੍ਹਾ ਨਹੀਂ ਸੀ, ਇਸ ਕਾਰਨ ਮਹਿਲਾ ਨੂੰ ਦੂਜੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਮਹਿਲਾ ਦਾ ਤੁਰੰਤ ਅਪਰੇਸ਼ਨ ਕੀਤਾ ਗਿਆ ਅਤੇ ਉਸ ਨੇ ਇੱਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਪਰ ਉਹ ਆਪਣੇ ਬੱਚੇ ਨੂੰ ਦੇਖ ਨਾ ਸਕੀ। ਮਾਰਟਾ ਟੈਮਿਡੋ ਸਾਲ 2018 ਤੋਂ ਸਿਹਤ ਮੰਤਰੀ ਦਾ ਅਹੁਦਾ ਸੰਭਾਲ ਰਹੀ ਸੀ ਅਤੇ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਨਾਲ ਬਿਹਤਰ ਢੰਗ ਨਾਲ ਨਜਿੱਠਣ ਲਈ ਚਰਚਾ ਵਿੱਚ ਆਈ ਸੀ। ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨੇ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਮਹਿਲਾ ਦੀ ਮੌਤ ਕਾਰਨ ਟੈਮਿਡੋ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸੇ ਦੌਰਾਨ ਨਵੀਂ ਦਿੱਲੀ ਸਥਿਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਘਟਨਾ ’ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਮੰਤਰਾਲਾ ਲਗਾਤਾਰ ਪਰਿਵਾਰ ਦੇ ਸੰਪਰਕ ਵਿੱਚ ਹੈ। -ਪੀਟੀਆਈ