ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 2 ਅਗਸਤ
ਪਾਕਿਸਤਾਨ ਵਿੱਚ ਬਜ਼ੁਰਗ ਔਰਤ ਨੇ ਆਪਣੇ ਨੌਕਰ ਦੀ ਖ਼ਿਦਮਤ ਤੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਵਿਆਹ ਕਰਵਾ ਲਿਆ। ਇਸਲਾਮਾਬਾਦ ਦੀ ਰਹਿਣ ਵਾਲੀ ਨਾਜ਼ੀਆ ਉਦੋਂ ਤੱਕ ਇਕੱਲੀ ਰਹਿੰਦੀ ਸੀ, ਜਦੋਂ ਤੱਕ ਉਸ ਨੂੰ ਸੂਫ਼ੀਆਨ ਵਿੱਚ ਆਪਣੀ ਜ਼ਿੰਦਗੀ ਦਾ ਪਿਆਰ ਨਹੀਂ ਮਿਲਿਆ। ਸ਼ੁਰੂ ਵਿੱਚ ਦੋਸਤ ਨੇ ਰੋਜ਼ਾਨਾ ਘਰੇਲੂ ਕੰਮ ਲਈ ਉਸ ਨੂੰ ਸੂਫੀਆਨ ਨਾਲ ਮਿਲਾਇਆ ਸੀ। ਉਸ ਨੇ ਸੂਫੀਆਨ ਨੂੰ 18,000 ਰੁਪਏ ਮਹੀਨੇ ਦੀ ਤਨਖਾਹ ‘ਤੇ ਨੌਕਰੀ ‘ਤੇ ਰੱਖਿਆ। ਜਲਦੀ ਹੀ, ਨਾਜ਼ੀਆ, ਸੂਫੀਆਨ ਦੀ ਸਾਦਗੀ ਅਤੇ ਚੰਗੇ ਸੁਭਾਅ ਦੀ ਕਾਇਲ ਹੋ ਗਈ। ਉਸ ਨੇ ਕਿਹਾ ਕਿ ਉਸ ਦੀ ਸਾਦਗੀ ਨੇ ਉਸ ਦਾ ਦਿਲ ਜਿੱਤ ਲਿਆ ਸੀ ਅਤੇ ਉਹ ਉਸ ਦੀਆਂ ਸਾਰੀਆਂ ਆਦਤਾਂ ਨੂੰ ਪਸੰਦ ਕਰਨ ਲੱਗੀ। ਇਸ ਤੋਂ ਬਾਅਦ ਉਸ ਨੇ ਆਪਣੀ ਨੌਕਰ ਨੂੰ ਵਿਆਹ ਦੀ ਪੇਸ਼ਕਸ਼ ਕਰ ਦਿੱਤੀ। ਨਾਜ਼ੀਆ ਨੇ ਕਿਹਾ, ”ਸੂਫੀਆਨ ਪੇਸ਼ਕਸ਼ ਸੁਣ ਕੇ ਬੇਹੋਸ਼ ਹੋ ਗਿਆ। ਸੂਫੀਆਨ ਨੇ ਹੋਸ਼ ਵਿੱਚ ਆਉਣ ਬਾਅਦ ਕਿਹਾ, ‘ਮੈਂ ਵੀ ਤੁਹਾਨੂੰ ਪਿਆਰ ਕਰਦਾ ਹਾਂ।’ ਨਾਜ਼ੀਆ ਅਨੁਸਾਰ ਉਹ ਜਦੋਂ ਬਿਮਾਰ ਹੋ ਜਾਂਦੀ ਹੈ ਤਾਂ ਉਸ ਦੀ ਦੇਖਭਾਲ ਕਰਦਾ ਹੈ। ਉਹ ਉਸ ਲਈ ਖਾਣਾ ਵੀ ਬਣਾਉਂਦਾ ਹੈ ਅਤੇ ਉਸ ਨੂੰ ਦਵਾਈਆਂ ਵੀ ਦਿੰਦਾ ਹੈ। ਦੋਵੇਂ ਆਪਣੀ ਜੋੜੀ ਦੀ ਤੁਲਨਾ ਸਲਮਾਨ ਖਾਨ ਤੇ ਕੈਟਰੀਨਾ ਕੈਫ ਨਾਲ ਕਰਦੇ ਹਨ।