ਕੀਵ, 29 ਅਕਤੂਬਰ
ਰੂਸ ਵੱਲੋਂ ਯੂਕਰੇਨ ਦੇ ਦੋ ਵੱਡੇ ਸ਼ਹਿਰਾਂ-ਕੀਵ ਤੇ ਖਾਰਕੀਵ ਵਿਚ ਅੱਧੀ ਰਾਤ ਨੂੰ ਕੀਤੀ ਬੰਬਾਰੀ ਅਤੇ ਡਰੋਨ ਤੇ ਮਿਜ਼ਾਈਲ ਹਮਲਿਆਂ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 15 ਜ਼ਖ਼ਮੀ ਦੱਸੇ ਜਾਂਦੇ ਹਨ। ਉਧਰ ਪੱਛਮੀ ਮੁਲਕਾਂ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਨੇ ਰੂਸੀ ਫੌਜ ਦੀ ਮਦਦ ਲਈ ਆਪਣੇ 10,000 ਫੌਜੀ ਭੇਜੇ ਹਨ, ਜੋ ਕੀਵ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਯੂਕਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ੈਲੇਂਸਕੀ ਇਸ ਨਵੀਂ ਚੁਣੌਤੀ ਨੂੰ ਲੈ ਕੇ ਡੈਨਮਾਰਕ, ਆਈਸਲੈਂਡ, ਫਿਨਲੈਂਡ, ਨੌਰਵੇ ਤੇ ਸਵੀਡਨ ਦੇ ਆਗੂਆਂ ਨਾਲ ਰੇਕਜਾਵਿਕ ਵਿਚ ਬੈਠਕ ਕਰਨਗੇ।
ਅਥਾਰਿਟੀਜ਼ ਨੇ ਕਿਹਾ ਕਿ ਰੂਸ ਨੇ ਵੱਡੇ ਤੜਕੇ ਤਿੰਨ ਵਜੇ ਦੇ ਕਰੀਬ ਯੂਕਰੇਨ ਦੇ ਉੱਤਰ ਪੂਰਬ ਵਿਚ ਖਾਰਕੀਵ ਨੂੰ ਨਿਸ਼ਾਨਾ ਬਣਾਇਆ। ਗਵਰਨਰ ਓਲੇਹ ਸੀਨੂਬੋਵ ਨੇ ਕਿਹਾ ਕਿ ਹਮਲੇ ਵਿਚ ਘਰ ਨੁਕਸਾਨਿਆ ਗਿਆ ਤੇ ਚਾਰ ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਉਨ੍ਹਾਂ ਕਿਹਾ ਕਿ ਹਮਲੇ ਵਿਚ ਕਰੀਬ 20 ਘਰ ਤਬਾਹ ਹੋ ਗਏ। ਇਸ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਖਾਰਕੀਵ ਸਿਟੀ ਸੈਂਟਰ ਵਿਚ ਇਕ ਇਮਾਰਤ (ਜਿਸ ਨੂੰ ਪੈਲੇਸ ਆਫ਼ ਇੰਡਸਟਰੀ ਕਿਹਾ ਜਾਂਦਾ ਹੈ) ’ਤੇ ਗਲਾਈਡ ਬੰਬ ਸੁੱਟਿਆ, ਜਿਸ ਵਿਚ ਸੱਤ ਜਣੇ ਜ਼ਖ਼ਮੀ ਹੋ ਗਏ। ਇਹ ਇਮਾਰਤ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਆਧੁਨਿਕ ਭਵਨ ਨਿਰਮਾਣ ਕਲਾ ਦੇ ਨਮੂਨੇ ਵਜੋਂ ਸ਼ਾਮਲ ਹੈ। ਇਸੇ ਤਰ੍ਹਾਂ ਦੋ ਹੋਰਨਾਂ ਸ਼ਹਿਰੀ ਜ਼ਿਲ੍ਹਿਆਂ ਵਿਚ ਡਰੋਨ ਹਮਲਿਆਂ ਵਿਚ ਛੇ ਵਿਅਕਤੀ ਜ਼ਖ਼ਮੀ ਹੋ ਗਏ। -ਏਪੀ