ਵਾਸ਼ਿੰਗਟਨ, 8 ਅਪਰੈਲ
ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਭਰ ’ਚ ਲੋਕਤੰਤਰਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਇੰਟਰਨੈਸ਼ਨਲ ਡੇਅ ਆਫ਼ ਕਾਨਸ਼ੀਐਂਸ’ ਮੌਕੇ ਬੁੱਧਵਾਰ ਨੂੰ ਉਨ੍ਹਾਂ ਕਿਹਾ,‘‘ਅੱਜ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਅਮਰੀਕੀ ਲੋਕਤੰਤਰੀ ਸੰਸਥਾਵਾਂ ਵੱਡੇ ਖ਼ਤਰਿਆਂ ਦਾ ਸਾਹਮਣਾ ਕਰ ਰਹੀਆਂ ਹਨ।’’ ਕ੍ਰਿਸ਼ਨਾਮੂਰਤੀ ਦਾ ਇਸ਼ਾਰਾ 6 ਜਨਵਰੀ ਨੂੰ ਯੂਐੱਸ ਕੈਪੀਟਲ (ਅਮਰੀਕੀ ਸੰਸਦ) ’ਤੇ ਹੋਏ ਹਮਲੇ ਵੱਲ ਸੀ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ 6 ਜਨਵਰੀ ਨੂੰ ਹੋਏ ਹਮਲੇ ਦੇ ਜਵਾਬ ’ਚ ਅਮਰੀਕੀਆਂ ਨੂੰ ਕਿਸੇ ਵੀ ਧਰਮ ਨਿਰਪੱਖ ਲੋਕਤੰਤਰ ਦੇ ਮੂਲ ਸਿਧਾਂਤ ਨੂੰ ਬਣਾਈ ਰੱਖਣ ਲਈ ਖੁਦ ਨੂੰ ਮੁੜ ਤੋਂ ਤਿਆਰ ਕਰਨਾ ਹੋਵੇਗਾ ਜਿਸ ’ਚ ਸਾਰੀਆਂ ਜਾਤਾਂ, ਧਰਮਾਂ ਅਤੇ ਹੋਰ ਪਿਛੋਕੜਾਂ ਵਾਲੇ ਵਿਅਕਤੀ ਆਪਣੇ ਵਿਚਾਰਾਂ ਨੂੰ ਖੁੱਲ੍ਹੇ ਰੂਪ ’ਚ ਪ੍ਰਗਟਾ ਸਕਣ ਅਤੇ ਆਪਣੇ ਹੱਕਾਂ ਤੇ ਸੁਰੱਖਿਆ ਦੀ ਗਾਰੰਟੀ ਨਾਲ ਸ਼ਾਂਤੀ ਨਾਲ ਰਹਿ ਸਕਣ। ਉਨ੍ਹਾਂ ਕਿਹਾ ਕਿ ਏਸ਼ਿਆਈ-ਅਮਰੀਕੀਆਂ ’ਤੇ ਹੁਣੇ ਜਿਹੇ ਅਟਲਾਂਟਾ ’ਚ ਹੋਏ ਵੱਡੇ ਹਮਲੇ ਸਾਰਿਆਂ ਦੇ ਹੱਕਾਂ ਅਤੇ ਸੁਰੱਖਿਆ ਦਾ ਬਚਾਅ ਕਰਨ ਦੀ ਫੌਰੀ ਲੋੜ ਵੱਲ ਜ਼ੋਰ ਦਿੰਦੇ ਹਨ। ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਕਿਹਾ,‘‘ਮੇਰੇ ਜਨਮ ਅਸਥਾਨ ਸਮੇਤ ਦੁਨੀਆ ਭਰ ਦੇ ਲੋਕਤੰਤਰ ਅਜਿਹੀਆਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਭਾਰਤ ਵਾਂਗ ਅਮਰੀਕਾ ’ਚ ਵੀ ਹਿੰਦੂ, ਮੁਸਲਿਮ, ਇਸਾਈਆਂ ਸਮੇਤ ਸਾਰੇ ਧਰਮਾਂ ਅਤੇ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ ਤੇ ਉਨ੍ਹਾਂ ਨੂੰ ਆਜ਼ਾਦੀ ਨਾਲ ਸੁਰੱਖਿਅਤ ਜ਼ਿੰਦਗੀ ਜਿਊਣ ਦਾ ਹੱਕ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਭਾਰਤੀ ਲੋਕਾਂ ਅਤੇ ਇਸ ਦੀਆਂ ਸੰਸਥਾਵਾਂ ਨੂੰ ਵੰਡਣ ਵਾਲੇ ਮੁੱਦਿਆਂ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਦੇ ਟੀਕੇ ਲਗਾਉਣ, ਚੀਨੀ ਫ਼ੌਜ ਦੇ ਹਮਲਾਵਰ ਰੁਖ ਦਾ ਟਾਕਰਾ ਕਰਨ, ਅਰਥਚਾਰੇ ਨੂੰ ਪੈਰਾਂ ਸਿਰ ਕਰਨ ਜਿਹੀਆਂ ਆਮ ਚੁਣੌਤੀਆਂ ਨਾਲ ਸਿੱਝਣ ਜਿਹੇ ਕਦਮਾਂ ’ਚ ਅੜਿੱਕੇ ਡਾਹੁਣ ਦਾ ਖ਼ਤਰਾ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸੁਰੱਖਿਆ ਅਤੇ ਵਾਤਾਵਰਨ ਬਦਲਾਅ ਜਿਹੇ ਮੁੱਦਿਆਂ ਨੂੰ ਲੈ ਕੇ ਅਮਰੀਕਾ ਦਾ ਭਾਈਵਾਲ ਹੈ ਅਤੇ ਦੋਵੇਂ ਲੋਕਤੰਤਰਾਂ ਨੂੰ ਆਪਣੇ ਸਿਧਾਂਤਾਂ ’ਤੇ ਕਾਇਮ ਰਹਿੰਦਿਆਂ ਮਿਲ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ। -ਪੀਟੀਆਈ