ਵਾਸ਼ਿੰਗਟਨ, 21 ਅਗਸਤ
ਅਮਰੀਕਾ ਵਿੱਚ ਕਈ ਸਾਲਾਂ ਤੋਂ ਬੱਚਿਆਂ ਅਤੇ ਔਰਤਾਂ ਦੀਆਂ ਸੈਂਕੜੇ ਨਗਨ ਤਸਵੀਰਾਂ ਅਤੇ ਵੀਡੀਓਜ਼ ਬਣਾਉਣ ਦੇ ਦੋਸ਼ ਹੇਠ ਇੱਕ 40 ਸਾਲਾ ਭਾਰਤੀ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਉਮੈਰ ਐਜਾਜ਼ ਨੂੰ 8 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਟੀਵੀ ਚੈਨਲ ਮੁਤਾਬਕ ਐਜਾਜ਼ ਨੇ ਬਾਥਰੂਮ, ਕੱਪੜੇ ਬਦਲਣ ਵਾਲੀਆਂ ਥਾਵਾਂ, ਹਸਪਤਾਲ ਦੇ ਕਮਰਿਆਂ ਅਤੇ ਇੱਥੋਂ ਤਕ ਕਿ ਆਪਣੇ ਘਰ ਵਿੱਚ ਕਈ ਥਾਈਂ ਲੁਕਾ ਕੇ ਕੈਮਰੇ ਲਾਏ ਹੋਏ ਸਨ। ਉਸ ਦੇ ਘਰ ਦੀ ਲਈ ਗਈ ਤਲਾਸ਼ੀ ਦੌਰਾਨ ਇੱਕ ਹਾਰਡ ਡਰਾਈਵ ਬਰਾਮਦ ਹੋਈ ਹੈ, ਜਿਸ ਵਿੱਚ 13 ਹਜ਼ਾਰ ਤੋਂ ਵੱਧ ਵੀਡੀਓਜ਼ ਹਨ। ਜਾਣਕਾਰੀ ਅਨੁਸਾਰ ਉਸ ਨੇ ਦੋ ਸਾਲ ਤਕ ਦੇ ਬੱਚਿਆਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਵੀਡੀਓਜ਼ ਬਣਾਈਆਂ। ਇਸ ਬਾਰੇ ਪਤਾ ਲੱਗਣ ਮਗਰੋਂ ਐਜਾਜ਼ ਦੀ ਪਤਨੀ ਨੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਓਕਲੈਂਡ ਕਾਊਂਟੀ ਸ਼ੈਰਿਫ ਨੇ ਦੱਸਿਆ ਕਿ ਉਸ ਨੇ ਕਈ ਔਰਤਾਂ ਨਾਲ ਉਸ ਵੇਲੇ ਵੀ ਸਬੰਧ ਬਣਾਏ ਜਦੋਂ ਉਹ ਬੇਹੋਸ਼ ਸਨ ਜਾਂ ਸੌਂ ਰਹੀਆਂ ਸਨ। ਸ਼ੈਰਿਫ ਮਾਈਕ ਬਾਊਚਰ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਲਈ ਕਈ ਮਹੀਨੇ ਲੱਗਣਗੇ। ਜਾਂਚ ਅਧਿਕਾਰੀਆਂ ਵੱਲੋਂ ਓਕਲੈਂਡ ਕਾਊਂਟੀ ਦੇ ਸ਼ਹਿਰ ਰੋਚੈਸਟਰ ਹਿਲਜ਼ ਵਿੱਚ ਡਾਕਟਰ ਦੇ ਘਰੋਂ ਮਿਲੀਆਂ ਹਜ਼ਾਰਾਂ ਵੀਡੀਓਜ਼ ਦੀ ਘੋਖ-ਪੜਤਾਲ ਕੀਤੀ ਜਾ ਰਹੀ ਹੈ। -ਪੀਟੀਆਈ