ਰੋਚੈਸਟਰ ਹਿੱਲਜ਼, 16 ਜੂਨ
ਅਮਰੀਕਾ ਦੇ ਮਿਸ਼ਿਗਨ ਦੇ ਡੇਟ੍ਰੋਇਟ ਸ਼ਹਿਰ ਵਿੱਚ ਸ਼ਨਿੱਚਰਵਾਰ ਨੂੰ ਇੱਕ ਪਾਰਕ ’ਚ ਗੋਲੀਬਾਰੀ ਦੀ ਘਟਨਾ ’ਚ ਦੋ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਸਣੇ ਨੌਂ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਮਗਰੋਂ ਸ਼ੱਕੀ ਹਮਲਾਵਰ ਇੱਕ ਘਰ ਵਿੱਚ ਲੁਕ ਗਿਆ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਘਰ ਨੂੰ ਘੇਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੇ ਖੁਦਕੁਸ਼ੀ ਕਰ ਲਈ। ਓਕਲੈਂਡ ਕਾਊਂਟੀ ਦੇ ਸ਼ੈਰਿਫ ਬਾਊਚਰਡ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੱਚੇ ਦੇ ਸਿਰ ਵਿੱਚ ਗੋਲੀ ਲੱਗੀ ਹੈ ਤੇ ਉਸ ਦੀ ਹਾਲਤ ਗੰਭੀਰ ਹੈ। ਬੱਚੇ ਦਾ ਚਾਰ ਸਾਲਾ ਭਰਾ ਵੀ ਜ਼ਖ਼ਮੀ ਹੋਇਆ ਹੈ। ਅਧਿਕਾਰੀਆਂ ਨੇ ਸ਼ੁਰੂ ਵਿੱਚ ਦੱਸਿਆ ਸੀ ਕਿ ਗੋਲੀਬਾਰੀ ਦੀ ਘਟਨਾ ਵਿੱਚ 10 ਜਣੇ ਜ਼ਖ਼ਮੀ ਹੋਏ ਹਨ ਪਰ ਬਾਅਦ ਵਿੱਚ ਖੇਤਰੀ ਹਸਪਤਾਲਾਂ ਤੋਂ ਅੰਕੜੇ ਇਕੱਠੇ ਕਰਨ ਮਗਰੋਂ ਇਹ ਗਿਣਤੀ ਘੱਟ ਕਰ ਦਿੱਤੀ ਗਈ। ਬਾਊਚਰਡ ਨੇ ਕਿਹਾ ਕਿ ਹੋਰ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ, ਜਿਨ੍ਹਾਂ ਵਿੱਚ ਪਤੀ-ਪਤਨੀ ਅਤੇ 78 ਸਾਲਾ ਇੱਕ ਬਜ਼ੁਰਗ ਵਿਅਕਤੀ ਵੀ ਸ਼ਾਮਲ ਹੈ। ਗੋਲੀਬਾਰੀ ਦੀ ਇਹ ਘਟਨਾ ਸ਼ਾਮ ਪੰਜ ਵਜੇ ਤੋਂ ਬਾਅਦ ਸ਼ਹਿਰ ਦੇ ਇੱਕ ਪਾਰਕ ਵਿੱਚ ਵਾਪਰੀ, ਜਿੱਥੇ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਪਾਣੀ ਦੇ ਫੁਹਾਰਿਆਂ ਦਾ ਆਨੰਦ ਮਾਣ ਰਹੇ ਸਨ। ਬਾਊਚਰਡ ਨੇ ਦੱਸਿਆ ਕਿ ਮੁਲਜ਼ਮ ਗੱਡੀ ਵਿੱਚ ਪਾਰਕ ਤੱਕ ਆਇਆ ਤੇ ਪਾਣੀ ਦੇ ਫੁਹਾਰੇ ਨੇੜੇ ਪਹੁੰਚਣ ਮਗਰੋਂ ਉਸ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮੌਕੇ ’ਤੇ ਮੌਜੂਦ ਇੱਕ ਵਿਅਕਤੀ ਦੇ ਹਵਾਲੇ ਨਾਲ ਦੱਸਿਆ ਕਿ ਹਮਲਾਵਰ ਨੇ ਦੋ ਬੰਦੂਕਾਂ ਨਾਲ ਗੋਲੀਆਂ ਚਲਾਈਆਂ ਪਰ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ। ਮਿਸ਼ਿਗਨ ਦੀ ਗਵਰਨਰ ਗ੍ਰੇਚੇਨ ਵ੍ਹਿਟਮੇਰ ਨੇ ਐਕਸ ’ਤੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਬਾਰੇ ਜਾਣ ਕੇ ਦੁੱਖ ਹੋਇਆ ਅਤੇ ਉਹ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। -ਏਪੀ