ਨਿਊਯਾਰਕ, 16 ਨਵੰਬਰ
ਅਮਰੀਕਾ ਵੱਲੋਂ ਭਾਰਤ ਨੂੰ ਇਕ ਕਰੋੜ ਡਾਲਰ ਮੁੱਲ ਦੀਆਂ 1440 ਪੁਰਾਤਨ ਵਸਤਾਂ ਮੋੜੀਆਂ ਜਾਣਗੀਆਂ। ਮੈਨਹਟਨ ਜ਼ਿਲ੍ਹਾ ਅਟਾਰਨੀ ਐਲਵਿਨ ਐੱਲ ਬਰੈਗ ਜੂਨੀਅਰ ਨੇ ਇਕ ਬਿਆਨ ’ਚ ਕਿਹਾ ਕਿ ਬੀਤੇ ਕੁਝ ਸਮੇਂ ਦੌਰਾਨ ਤਸਕਰਾਂ ਕੋਲੋਂ ਬਰਾਮਦ ਕੀਤੀਆਂ ਗਈਆਂ ਪ੍ਰਾਚੀਨ ਵਸਤਾਂ ਇਕ ਸਮਾਗਮ ਦੌਰਾਨ ਭਾਰਤੀ ਕੌਂਸੁਲੇਟ ਜਨਰਲ ਦੇ ਮਨੀਸ਼ ਕੁਲਹਾੜੀ ਨੂੰ ਸੌਂਪੀਆਂ ਗਈਆਂ ਸਨ। ਬਿਆਨ ਮੁਤਾਬਕ ਬਰੈਗ ਨੇ ਇਕ ਕਰੋੜ ਡਾਲਰ ਮੁੱਲ ਦੀਆਂ 1440 ਪ੍ਰਾਚੀਨ ਵਸਤਾਂ ਭਾਰਤ ਨੂੰ ਮੋੜਨ ਦਾ ਐਲਾਨ ਕੀਤਾ ਹੈ। ਬਰੈਗ ਨੇ ਕਿਹਾ ਕਿ ਉਹ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਨਿਸ਼ਾਨਾ ਬਣਾਉਣ ਵਾਲੇ ਤਸਕਰਾਂ ਦੇ ਨੈੱਟਵਰਕ ਦੀ ਜਾਂਚ ਜਾਰੀ ਰਖਣਗੇ। ਮੋੜੀਆਂ ਗਈਆਂ ਵਸਤਾਂ ’ਚ ਮੱਧ ਪ੍ਰਦੇਸ਼ ਦੇ ਮੰਦਰ ’ਚੋਂ ਚੋਰੀ ਕੀਤੀ ਗਈ ਮੂਰਤੀ ਅਤੇ ਰਾਜਸਥਾਨ ਦੇ ਤਨੇਸਾਰਾ ਮਹਾਦੇਵ ਪਿੰਡ ’ਚੋਂ ਲੁੱਟੀ ਗਈ ਮੂਰਤੀ ਸ਼ਾਮਲ ਹੈ। ਬਿਆਨ ’ਚ ਦੱਸਿਆ ਗਿਆ ਕਿ ਬਰੈਗ ਦੇ ਕਾਰਜਕਾਲ ਦੌਰਾਨ ਜ਼ਿਲ੍ਹਾ ਅਟਾਰਨੀ ਦੀ ਪ੍ਰਾਚੀਨ ਵਸਤਾਂ ਦੀ ਤਸਕਰੀ ਵਿਰੋਧੀ ਇਕਾਈ ਨੇ 30 ਤੋਂ ਵਧ ਮੁਲਕਾਂ ਤੋਂ ਚੋਰੀ ਹੋਈਆਂ 2100 ਵਸਤਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ ਕਰੀਬ 23 ਕਰੋੜ ਡਾਲਰ ਬਣਦੀ ਹੈ। -ਪੀਟੀਆਈ