ਵਾਸ਼ਿੰਗਟਨ, 9 ਮਾਰਚ
ਅਮਰੀਕੀ ਖੁਫੀਆ ਏਜੰਸੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਭਾਰਤ-ਪਾਕਿਸਤਾਨ ਅਤੇ ਭਾਰਤ-ਚੀਨ ਵਿਚਾਲੇ ਤਣਾਅ ਵਧ ਸਕਦਾ ਹੈ ਅਤੇ ਉਨ੍ਹਾਂ ਵਿਚਾਲੇ ਟਕਰਾਅ ਦੀ ਸੰਭਾਵਨਾ ਹੈ। ਖੁਫੀਆ ਜਾਣਕਾਰੀ ਮੁਤਾਬਕ ਪਾਕਿਸਤਾਨ ਵੱਲੋਂ ਭੜਕਾਉਣ ਦੀ ਹਾਲਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਪਹਿਲਾਂ ਨਾਲੋਂ ਜ਼ਿਆਦਾ ਫੌਜੀ ਤਾਕਤ ਨਾਲ ਜਵਾਬ ਦੇਵੇਗਾ। ਇਹ ਮੁਲਾਂਕਣ ਅਮਰੀਕੀ ਖੁਫੀਆ ਜਾਣਕਾਰੀ ਦੇ ਸਾਲਾਨਾ ਖਤਰੇ ਦੇ ਮੁਲਾਂਕਣ ਦਾ ਹਿੱਸਾ ਹੈ, ਜੋ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਦਫਤਰ ਦੁਆਰਾ ਅਮਰੀਕੀ ਕਾਂਗਰਸ ਨੂੰ ਪੇਸ਼ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਭਾਰਤ-ਚੀਨ ਦੁਵੱਲੇ ਸਰਹੱਦੀ ਵਿਵਾਦ ਨੂੰ ਗੱਲਬਾਤ ਰਾਹੀਂ ਸੁਲਝਾਉਣ ‘ਚ ਲੱਗੇ ਹੋਏ ਹਨ ਪਰ 2020 ‘ਚ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਟਕਰਾਅ ਦੇ ਮੱਦੇਨਜ਼ਰ ਸਬੰਧ ਤਣਾਅਪੂਰਨ ਰਹਿਣਗੇ।