ਬੈਰੂਤ, 31 ਦਸੰਬਰ
ਅਮਰੀਕੀ ਫੌਜ ਨੇ ਅੱਜ ਕਿਹਾ ਕਿ ਉਨ੍ਹਾਂ ਲਾਲ ਸਾਗਰ ਵਿਚ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਇਕ ਕੰਟੇਨਰ ਜਹਾਜ਼ ਵੱਲ ਦਾਗੀਆਂ ਦੋ ‘ਐਂਟੀ-ਸ਼ਿਪ’ ਬੈਲਿਸਟਿਕ ਮਿਜ਼ਾਈਲਾਂ ਨੂੰ ਸੁੱਟ ਲਿਆ ਹੈ। ਅਮਰੀਕਾ ਦੀ ਕੇਂਦਰੀ ਕਮਾਨ ਮੁਤਾਬਕ ਕੁਝ ਘੰਟਿਆਂ ਬਾਅਦ ਚਾਰ ਕਿਸ਼ਤੀਆਂ ਨੇ ਇਸੇ ਜਹਾਜ਼ ਉਤੇ ਹਮਲੇ ਦੀ ਕੋਸ਼ਿਸ਼ ਕੀਤੀ, ਪਰ ਅਮਰੀਕੀ ਬਲਾਂ ਨੇ ਗੋਲੀਬਾਰੀ ਕਰ ਕੇ ਜਵਾਬ ਦਿੱਤਾ। ਇਸ ਵਿਚ ਹਥਿਆਰਬੰਦ ਅਮਲੇ ਦੇ ਕਈ ਮੈਂਬਰ ਮਾਰੇ ਗਏ। ਜਦਕਿ ਜਹਾਜ਼ ’ਤੇ ਕੋਈ ਫੱਟੜ ਨਹੀਂ ਹੋਇਆ ਹੈ। ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ਦੇ ਅਮਲੇ ਮੁਤਾਬਕ ਉਨ੍ਹਾਂ ’ਤੇ ਸ਼ਨਿਚਰਵਾਰ ਰਾਤ ਨੂੰ ਇਕ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਸਹਾਇਤਾ ਮੰਗੀ ਸੀ। ਮਦਦ ਮੰਗਣ ਮਗਰੋਂ ਦੋ ਅਮਰੀਕੀ ਜਹਾਜ਼ ਸਹਾਇਤਾ ਲਈ ਪਹੁੰਚੇ। ਡੈੱਨਮਾਰਕ ਦੀ ਮਾਲਕੀ ਵਾਲੇ ਜਹਾਜ਼ ’ਤੇ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹ ਸਮੁੰਦਰ ਵਿਚ ਸਰਗਰਮ ਸੀ। ਜ਼ਿਕਰਯੋਗ ਹੈ ਕਿ 19 ਨਵੰਬਰ ਤੋਂ ਬਾਅਦ ਕੌਮਾਂਤਰੀ ਸ਼ਿਪਿੰਗ ’ਤੇ ਇਹ ਹੂਤੀਆਂ ਦਾ 23ਵਾਂ ਹਮਲਾ ਹੈ। ਜ਼ਿਕਰਯੋਗ ਹੈ ਕਿ ਹੂਤੀਆਂ ਨੂੰ ਇਰਾਨ ਦੀ ਹਮਾਇਤ ਹਾਸਲ ਹੈ। ਵੇਰਵਿਆਂ ਮੁਤਾਬਕ ਇਸ ਅਪਰੇਸ਼ਨ ਦੌਰਾਨ ਅਮਰੀਕੀ ਹੈਲੀਕਾਪਟਰਾਂ ਨੇ ਵੀ ਮਦਦ ਕੀਤੀ। ਅਮਰੀਕਾ ਦੀ ਕੇਂਦਰੀ ਕਮਾਨ ਨੇ ਕਿਹਾ ਕਿ ਛੋਟੀਆਂ ਕਿਸ਼ਤਿਆਂ ਵਿਚੋਂ ਪਹਿਲਾਂ ਅਮਰੀਕੀ ਹੈਲੀਕਾਪਟਰਾਂ ਵੱਲ ਫਾਇਰਿੰਗ ਵੀ ਕੀਤੀ ਗਈ। -ਏਪੀ