ਮੈਲਬਰਨ, 2 ਅਗਸਤ (ਤੇਜਸ਼ਦੀਪ ਸਿੰਘ ਅਜਨੌਦਾ) ਇੱਥੇ ਲਗਾਤਾਰ ਵੱਧ ਰਹੇ ਕਰੋਨਾ ਦੇ ਕੇਸਾਂ ਦੇ ਚਲਦਿਆਂ ਸਰਕਾਰ ਨੇ ਰਾਤ ਦਾ ਕਰਫ਼ਿਊ ਐਲਾਨ ਦਿੱਤਾ ਹੈ। ਆਸਟਰੇਲੀਆ ’ਚ ਅਬਾਦੀ ਪੱਖੋਂ ਦੂਜੇ ਸਥਾਨ ’ਤੇ ਆਉਂਦੇ ਵਿਕਟੋਰੀਆ ਸੂਬੇ ਦੇ ਖੇਤਰੀ ਇਲਾਕਿਆਂ ’ਚ ਵੀ ਸਖ਼ਤੀ ਵਧਾ ਦਿੱਤੀ ਗਈ ਹੈ। ਮੈਲਬਰਨ ’ਚ ਰਾਤ 8 ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ ਅਤੇ ਦਿਨ ਵਿੱਚ ਵੀ ਲੋਕਾਂ ਨੂੰ ਘਰ ਤੋਂ 5 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਜਾਣ ’ਤੇ ਪਾਬੰਦੀ ਹੋਵੇਗੀ। ਕਰੀਬ 50 ਲੱਖ ਲੋਕਾਂ ’ਤੇ ਲਾਗੂ ਕਾਨੂੰਨਾਂ ਨੂੰ ਸਖ਼ਤੀ ਨਾਲ ਤਾਮੀਲ ਕਰਵਾਇਆ ਜਾਵੇਗਾ। ਲਗਭਗ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਪੁਲੀਸ ਨੂੰ ਵਧੇਰੇ ਤਾਕਤਾਂ ਦਿੱਤੀਆਂ ਗਈਆਂ ਹਨ ਅਤੇ ਫੌਜ ਦੀ ਮਦਦ ਵੀ ਲਈ ਜਾ ਰਹੀ ਹੈ। ਸੂਬੇ ’ਚ ਹੁਣ ਤੱਕ ਕਰਨਾ ਦੇ 11,557 ਕੇਸ ਆ ਚੁੱਕੇ ਹਨ ਅਤੇ 128 ਮੌਤਾਂ ਹੋਈਆਂ ਹਨ।