ਪੋਰਟ-ਓ-ਪ੍ਰਿੰਸ, 12 ਜੁਲਾਈ
ਹੈਤੀ ਦੀ ਪੁਲੀਸ ਨੇ ਦੱਸਿਆ ਹੈ ਕਿ ਉਨ੍ਹਾਂ ਹੈਤੀ ਦੇ ਹੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਮੁਲਕ ਵਿਚ ਇਕ ਪ੍ਰਾਈਵੇਟ ਜੈੱਟ ਉਤੇ ਆਇਆ ਤੇ ਰਾਸ਼ਟਰਪਤੀ ਦੀ ਹੱਤਿਆ ਕਰਨ ਵਾਲੇ ਮੁੱਖ ਸਾਜ਼ਿਸ਼ ਘਾੜਿਆਂ ਨਾਲ ਮਿਲ ਕੇ ਕੰਮ ਕੀਤਾ। ਜ਼ਿਕਰਯੋਗ ਹੈ ਕਿ ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸ ਦੀ ਕੁਝ ਦਿਨ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ। ਗ੍ਰਿਫ਼ਤਾਰ ਵਿਅਕਤੀ ਦੀ ਸ਼ਨਾਖ਼ਤ ਇਮੈਨੂਅਲ ਸੈਨੋਨ ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਉਹ ਫਲੋਰਿਡਾ ਵਿਚ ਰਹਿ ਰਿਹਾ ਸੀ। ਉਸ ਦੇ ਘਰੋਂ ਅਸਲਾ ਤੇ ਹਥਿਆਰ ਵੀ ਬਰਾਮਦ ਹੋਏ ਹਨ। ਬੁੱਧਵਾਰ ਨੂੰ ਕੀਤੇ ਗਏ ਹਮਲੇ ਵਿਚ ਰਾਸ਼ਟਰਪਤੀ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਸੀ ਤੇ ਉਸ ਨੂੰ ਮਿਆਮੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਕੋਲੰਬੀਆ ਦੇ ਕਰੀਬ 26 ਵਿਅਕਤੀ ਹੱਤਿਆ ਵਿਚ ਸ਼ਾਮਲ ਹਨ। 18 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੰਜ ਅਜੇ ਫਰਾਰ ਹਨ। -ਏਪੀ