ਇਸਲਾਮਾਬਾਦ, 15 ਅਕਤੂਬਰ
ਪੱਛਮੀ ਅਫ਼ਗ਼ਾਨਿਸਤਾਨ ਵਿੱਚ ਅੱਜ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਨਿ੍ਹਾਂ ਦੀ ਰਿਕਟਰ ਸਕੇਲ ’ਤੇ ਸ਼ਿੱਦਤ 6.3 ਮਾਪੀ ਗਈ। ਇਕ ਹਫ਼ਤੇ ਪਹਿਲਾਂ ਵੀ ਅਫ਼ਗ਼ਾਨਿਸਤਾਨ ਦੇ ਇਸੇ ਹਿੱਸੇ ਵਿੱਚ ਤੇਜ਼ ਭੂਚਾਲ ਆਇਆ ਸੀ ਤੇ ਭੂਚਾਲ ਦੇ ਝਟਕਿਆਂ ਕਰਕੇ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਪਿੰਡਾਂ ਦੇ ਪਿੰਡ ਜ਼ਮੀਨਦੋਜ਼ ਹੋ ਗਏ ਸਨ। ਭੂਚਾਲ ਦਾ ਕੇਂਦਰ ਹੇਰਾਤ ਤੋਂ ਲਗਪਗ 34 ਕਿਲੋਮੀਟਰ ਦੁੂਰ ਜ਼ਮੀਨ ਤੋਂ ਅੱਠ ਕਿਲੋਮੀਟਰ ਡੂੰਘਾਈ ਵਿੱਚ ਸੀ। ਹੇਰਾਤ ਸੂਬੇ ਵਿੱਚ ਐਮਰਜੈਂਸੀ ਰਾਹਤ ਟੀਮ ਦੇ ਮੁਖੀ ਮੁਹੰਮਦ ਜ਼ਾਹਿਰ ਨੂਰਜ਼ਈ ਨੇ ਦੱਸਿਆ ਕਿ ਹੁਣ ਤੱਕ ਚਾਰ ਵਿਅਕਤੀਆਂ ਦੀ ਮੌਤ ਅਤੇ ਲਗਪਗ 153 ਹੋਰਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਨੂਰਜ਼ਈ ਨੇ ਕਿਹਾ ਕਿ ਮੌਤਾਂ ਦਾ ਅੰਕੜਾ ਵਧ ਸਕਦਾ ਹੈ, ਕਿਉਂਕਿ ਉਹ ਅਜੇ ਤੱਕ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਨਹੀਂ ਪਹੁੰਚੇ ਹਨ। -ਪੀਟੀਆਈ