ਬਰਲਿਨ, 13 ਮਾਰਚ
ਯੂਕਰੇਨ ਵਿਚ ਚੱਲ ਰਹੀ ਜੰਗ ਦੇ ਵਿਰੋਧ ਵਿਚ ਅੱਜ ਸਾਰੇ ਯੂਰੋਪ ਵਿਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਵੱਲੋਂ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਰੂਸੀ ਅਥਾਰਿਟੀਜ਼ ਵੱਲੋਂ ਅਜਿਹੇ ਪ੍ਰਦਰਸ਼ਨਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੇ ਬਾਵਜੂਦ ਰੂਸ ਵਿਚ ਵੀ ਛੋਟੀਆਂ ਰੈਲੀਆਂ ਹੋਈਆਂ।
ਬਰਲਿਨ ਵਿਚ ਟਰੇਡ ਯੂਨੀਅਨਾਂ ਵੱਲੋਂ ਅੱਜ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ। ਪ੍ਰਬੰਧਕਾਂ ਵੱਲੋਂ ਸ਼ਹਿਰ ਦੇ ਰੂਸੀ ਸ਼ਾਸਕ ਐਲੇਗਜ਼ੈਂਡਰ 1 ਦੇ ਨਾਂ ’ਤੇ ਬਣੇ ਵੱਡੇ ਸਕੁਐਰ ਐਲੇਗਜ਼ੈਂਡਰਪਲੇਟਜ਼ ਤੋਂ ਬਰੈਂਡਨਬਰਗ ਗੇਟ ਨੇੜਲੀ ਇਕ ਜਗ੍ਹਾ ਤੱਕ ਮਾਰਚ ਕਰਨ ਦੀ ਯੋਜਨਾ ਬਣਾਈ ਗਈ ਸੀ। ਇਸੇ ਤਰ੍ਹਾਂ ਦੇ ਪ੍ਰਦਰਸ਼ਨ ਵਾਰਸਾ, ਲੰਡਨ, ਮੈਡ੍ਰਿਡ, ਫਰੈਂਕਫਰਟ, ਹੈਮਬਰਗ ਅਤੇ ਸਟੁੱਟਗਾਰਟ ਵਿਚ ਵੀ ਹੋਏ। ਰੂਸ ਵਿਚ ਜੰਗ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਖ਼ਿਲਾਫ਼ ਪੁਲੀਸ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ। ਅਧਿਕਾਰ ਸਮੂਹ ਓਵੀਡੀ-ਇਨਫੋ ਨੇ ਕਿਹਾ ਕਿ ਰੂਸੀ ਸਮੇਂ ਅਨੁਸਾਰ ਦੁਪਹਿਰ ਤੱਕ ਪੁਲੀਸ ਵੱਲੋਂ 20 ਸ਼ਹਿਰਾਂ ’ਚੋਂ 135 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ। ਇਸੇ ਦੌਰਾਨ ਤਾਇਵਾਨ ਵਿਚ ਰਹਿੰਦੇ ਯੂਕਰੇਨੀ ਨਾਗਰਿਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਅੱਜ ਤਾਇਪੈ ’ਚ ਰੂਸੀ ਹਮਲੇ ਖ਼ਿਲਾਫ਼ ਰੋਸ ਮਾਰਚ ਕੀਤਾ। -ਏਪੀ