ਵਾਸ਼ਿੰਗਟਨ: ਵਿਗਿਆਨੀਆਂ ਨੇ ਅਜਿਹੀ ਐਂਟੀਬਾਡੀ ਦੀ ਪਛਾਣ ਕੀਤੀ ਹੈ ਜੋ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਤੇ ਹੋਰਨਾਂ ਸਰੂਪਾਂ ਨੂੰ ਨਕਾਰਾ ਕਰ ਸਕਦੇ ਹਨ। ਇਹ ਅਧਿਐਨ ਵਿਗਿਆਨ ਨਾਲ ਸਬੰਧਤ ਮੈਗਜ਼ੀਨ ‘ਨੇਚਰ’ ਵਿੱਚ ਪ੍ਰਕਾਸ਼ਿਤ ਹੋਇਆ ਹੈ ਅਤੇ ਇਸ ਖੋਜ ਨਾਲ ਟੀਕਾ ਤਿਆਰ ਕਰਨ ਤੇ ਐਂਟੀਬਾਡੀ ਨਾਲ ਇਲਾਜ ਵਿਚ ਮਦਦ ਮਿਲ ਸਕਦੀ ਹੈ ਜੋ ਨਾ ਸਿਰਫ਼ ਓਮੀਕਰੋਨ ਬਲਕਿ ਭਵਿੱਖ ’ਚ ਉੱਭਰਨ ਵਾਲੇ ਹੋਰਨਾਂ ਸਰੂਪਾਂ ਖ਼ਿਲਾਫ਼ ਵੀ ਅਸਰਦਾਰ ਹੋਵੇਗਾ। ਅਮਰੀਕਾ ’ਚ ਯੂਨੀਵਰਸਿਟੀ ਆਫ ਵਾਸ਼ਿੰਗਟਨ ਸਕੂਲ ਮੈਡੀਸਨ ਦੇ ਸਹਾਇਕ ਪ੍ਰੋਫੈਸਰ ਡੇਵਿਡ ਵੈਸਲਰ ਨੇ ਕਿਹਾ, ‘ਇਹ ਅਧਿਐਨ ਦੱਸਦਾ ਹੈ ਕਿ ਸਪਾਈਕ ਪ੍ਰੋਟੀਨ ’ਤੇ ਸਭ ਤੋਂ ਵੱਧ ਸੁਰੱਖਿਅਤ ਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਐਂਟੀਬਾਡੀ ਵੱਲ ਧਿਆਨ ਦੇ ਕੇ ਵਾਇਰਸ ਦੇ ਲਗਾਤਾਰ ਵਿਕਾਸ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਕੱਢਿਆ ਜਾ ਸਕਦਾ ਹੈ।’ ਵੈਸਲਰ ਨੇ ਕਿਹਾ ਕਿ ਉਹ ਇਨ੍ਹਾਂ ਨਾਲ ਸਬੰਧਤ ਸਵਾਲਾਂ ਦੇ ਜਵਾਬ ਲੱਭ ਰਹੇ ਸਨ ਕਿ ਇਹ ਨਵੇਂ ਸਰੂਪ ਬਿਮਾਰੀਆਂ ਨਾਲ ਲੜਨ ਦੀ ਤਾਕਤ ਤੇ ਐਂਟੀਬਾਡੀ ਦੀ ਪ੍ਰਤੀਕਿਰਿਆ ਤੋਂ ਕਿਵੇਂ ਬਚਦੇ ਹਨ। -ਪੀਟੀਆਈ