ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਵਿਚ ਕਰੋਨਾਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਮਨੁੱਖੀ ਸੰਕਟ ਵਿਚਾਲੇ ਆਪਣੇ ਅੰਤ੍ਰਿਮ ਰਾਜਦੂਤ ਦੇ ਰੂਪ ਵਿਚ ਚੋਟੀ ਦੇ ਕੂਟਨੀਤਕ ਡੇਨੀਅਲ ਸਮਿੱਥ ਨੂੰ ਭਾਰਤ ਭੇਜਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਵਧਾਇਆ ਜਾ ਸਕੇ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਕਿਹਾ, ‘‘ਹਾਲ ਹੀ ਵਿਚ ਕਾਰਜਕਾਰੀ ਵਿਦੇਸ਼ ਮੰਤਰੀ ਅਤੇ ਕਾਰਜਕਾਰੀ ਉਪ ਵਿਦੇਸ਼ ਮੰਤਰੀ ਵਜੋਂ ਸੇਵਾਵਾਂ ਦੇ ਚੁੱਕੇ ਵਿਦੇਸ਼ ਸੇਵਾ ਸੰਸਥਾ ਦੇ ਡਾਇਰੈਕਟਰ ਰਾਜਦੂਤ ਡੇਨੀਅਲ ਸਮਿੱਥ ਭਾਰਤ ਵਿਚ ਅਮਰੀਕੀ ਸਫ਼ਾਰਤਖਾਨੇ ਦੇ ਅੰਤ੍ਰਿਮ ਮੁਖੀ ਵਜੋਂ ਸੇਵਾਵਾਂ ਦੇਣ ਲਈ ਨਵੀਂ ਦਿੱਲੀ ਲਈ ਰਵਾਨਾ ਹੋਣਗੇ।’’ ਭਾਰਤ ਵਿਚ ਅਮਰੀਕੀ ਰਾਜਦੂਤ ਦਾ ਅਹੁਦਾ ਲੰਘੀ 20 ਜਨਵਰੀ ਤੋਂ ਖਾਲੀ ਪਿਆ ਹੈ ਜਦੋਂ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਇਸ ਅਹੁਦੇ ’ਤੇ ਨਿਯੁਕਤੀ ਲਈ ਸੈਨੇਟ ਦੀ ਪੁਸ਼ਟੀ ਦੀ ਲੋੜ ਹੁੰਦੀ ਹੈ। ਨਾਮਜ਼ਦਗੀ ਤੋਂ ਬਾਅਦ ਆਮ ਤੌਰ ’ਤੇ ਪੁਸ਼ਟੀ ਹੋਣ ਦੀ ਪ੍ਰਕਿਰਿਆ ਵਿਚ ਕਈ ਮਹੀਨੇ ਲੱਗ ਜਾਂਦੇ ਹਨ। ਭਾਰਤ ਵਿਚ ਦਿਨੋਂ-ਦਿਨ ਡੂੰਘੇ ਹੁੰਦੇ ਜਾ ਰਹੇ ਮਨੁੱਖੀ ਸੰਕਟ ਵਿਚਾਲੇ ਅਮਰੀਕਾ ਨਵੀਂ ਦਿੱਲੀ ਵਿਚ ਆਪਣੇ ਸਫ਼ਾਰਤਖਾਨੇ ਦੇ ਮੁਖੀ ਦੇ ਅਹੁਦੇ ਨੂੰ ਖਾਲੀ ਨਹੀਂ ਸੀ ਛੱਡ ਸਕਦਾ। -ਪੀਟੀਆਈ