ਹਾਂਗਕਾਂਗ, 30 ਜੁਲਾਈ
ਹਾਂਗਕਾਂਗ ਪੁਲੀਸ ਨੇ ਚੀਨ ਦੇ ਰਾਸ਼ਟਰੀ ਤਰਾਨੇ ਦਾ ਅਪਮਾਨ ਕਰਨ ਵਾਲੇ ਇੱਕ 40 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਹ ਅਪਮਾਨ ਉਸ ਸਮੇਂ ਹੋਇਆ ਜਦੋਂ ਪਿਛਲੇ ਹਫ਼ਤੇ ਇੱਕ ਮਾਲ ਵਿੱਚ 100 ਤੋਂ ਵੱਧ ਲੋਕ ਓਲੰਪਿਕ ਖੇਡਾਂ ਦਾ ਸਿੱਧਾ ਪ੍ਰਸਾਰਨ ਦੇਖ ਰਹੇ ਸਨ। ਚਿਊਂਗ ਕਾ ਲੌਂਗ ਨੂੰ ਪਰਦੇ ’ਤੇ ਵਿਖਾਇਆ ਜਾ ਰਿਹਾ ਸੀ। ਉਸ ਨੇ ਤਲਵਾਰਬਾਜ਼ੀ ਦਾ ਵਿਅਕਤੀਗਤ ਮੁਕਾਬਲਾ ਜਿੱਤ ਕੇ 25 ਸਾਲ ਮਗਰੋਂ ਆਪਣੇ ਸ਼ਹਿਰ ਨੂੰ ਪਹਿਲਾ ਸੋਨ ਤਗ਼ਮਾ ਦਿਵਾਇਆ ਹੈ। ਪੁਲੀਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਜਦੋਂ ਲੋਕ ਮਾਲ ਵਿੱਚ ਓਲੰਪਿਕ ਖੇਡਾਂ ਦੇ ਪੁਰਸਕਾਰ ਸਮਾਰੋਹ ਦੌਰਾਨ ਵੱਜ ਰਹੇ ਚੀਨ ਦੇ ਕੌਮੀ ਤਰਾਨੇ ਦਾ ਸਿੱਧਾ ਪ੍ਰਸਾਰਨ ਦੇਖ ਰਹੇ ਸਨ ਤਾਂ ਕੁੱਝ ਲੋਕਾਂ ਨੇ ‘ਥੂ-ਥੂ’ ਕੀਤੀ। ਇਸ ਤਰ੍ਹਾਂ ਦੀਆਂ ਕੁੱਝ ਵੀਡੀਓਜ਼ ਵਿੱਚ ਕੁੱਝ ਲੋਕ ‘ਅਸੀਂ ਹਾਂਗਕਾਂਗ ਵਾਸੀ ਹਾਂ’ ਦੇ ਨਾਅਰੇ ਲਾਉਂਦੇ ਨਜ਼ਰ ਆ ਰਹੇ ਹਨ। -ਰਾਇਟਰਜ਼